ਚੰਡੀਗੜ੍ਹ, 30 ਜੂਨ (ਸੰਦੀਪ ਕੁਮਾਰ ਮਾਹਨਾ) –ਠੋਸ ਕੂੜਾ ਪ੍ਰਬੰਧਨ ਨਿਯਮ-2026 ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਲੋਕਾਂ ’ਚ ਜਾਗਰੂਕਤਾ ਵਧਾਉਣ ਦੇ ਮਕਸਦ ਨਾਲ ਕਰਵਾਈ ਗਈ ਖੇਤਰੀ ਵਰਕਸ਼ਾਪ ਦੌਰਾਨ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਘਰਾਂ ਤੋਂ ਹੀ ਕੂੜੇ ਦੀ ਛਾਂਟੀ ਅਤੇ ਲੋਕਾਂ ਦੀ ਸਰਗਰਮ ਭੂਮਿਕਾ ਨਾਲ ਹੀ ਸਾਫ਼-ਸੁਥਰੇ ਅਤੇ ਟਿਕਾਊ ਚੰਡੀਗੜ੍ਹ ਦਾ ਸੁਪਨਾ ਸਾਕਾਰ ਹੋ ਸਕਦਾ ਹੈ। ਉਨ੍ਹਾਂ ਨਾਗਰਿਕਾਂ, ਵਪਾਰਕ ਅਦਾਰਿਆਂ, ਵਿਦਿਅਕ ਸੰਸਥਾਵਾਂ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਨੂੰ ਠੋਸ ਕੂੜਾ ਪ੍ਰਬੰਧਨ ਨਿਯਮਾਂ ਦੀ ਪਾਲਣਾ ਕਰਦਿਆਂ ਜ਼ਿੰਮੇਵਾਰਾਨਾ ਕੂੜਾ ਪ੍ਰਬੰਧਨ ਅਪਣਾਉਣ ਦੀ ਅਪੀਲ ਕੀਤੀ।ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ.ਪੀ.ਸੀ.ਸੀ.) ਵਲੋਂ ਨਗਰ ਨਿਗਮ ਚੰਡੀਗੜ੍ਹ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਸਹਿਯੋਗ ਨਾਲ ਸੈਕਟਰ 38 ਸਥਿਤ ਮਹਿਲਾ ਭਵਨ ਵਿਖੇ ਠੋਸ ਕੂੜਾ ਪ੍ਰਬੰਧਨ ਨਿਯਮ-2026 ਸਬੰਧੀ ਖੇਤਰੀ ਵਰਕਸ਼ਾਪ ਕਰਵਾਈ ਗਈ, ਜਿਸ ’ਚ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ, ਤਕਨੀਕੀ ਮਾਹਿਰਾਂ ਅਤੇ ਹੋਰ ਹਿੱਸੇਦਾਰਾਂ ਨੇ ਹਿੱਸਾ ਲਿਆ। ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਨਵੇਂ ਠੋਸ ਕੂੜਾ ਪ੍ਰਬੰਧਨ ਨਿਯਮ-2026 ਵਿਗਿਆਨਕ ਢੰਗ ਨਾਲ ਕੂੜੇ ਦੇ ਨਿਪਟਾਰੇ, ਸਰੋਤਾਂ ਦੀ ਮੁੜ ਵਰਤੋਂ, ਰੀਸਾਈਕਲਿੰਗ ਅਤੇ ਲੈਂਡਫ਼ਿਲ ’ਤੇ ਨਿਰਭਰਤਾ ਘਟਾਉਣ ਲਈ ਇੱਕ ਮਜ਼ਬੂਤ ਢਾਂਚਾ ਮੁਹੱਈਆ ਕਰਦੇ ਹਨ। ਉਨ੍ਹਾਂ ਕਿਹਾ ਕਿ ਘਰਾਂ ਤੋਂ ਹੀ ਗਿੱਲੇ ਅਤੇ ਸੁੱਕੇ ਕੂੜੇ ਦੀ ਵੱਖ-ਵੱਖ ਛਾਂਟੀ ਇਸ ਪੂਰੀ ਪ੍ਰਣਾਲੀ ਦੀ ਸਭ ਤੋਂ ਅਹਿਮ ਕੜੀ ਹੈ, ਜਿਸ ਨਾਲ ਕੂੜੇ ਦੀ ਇਕੱਤਰਤਾ, ਪ੍ਰੋਸੈਸਿੰਗ ਅਤੇ ਰੀਸਾਈਕਲਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਚੰਡੀਗੜ੍ਹ ’ਚ ਕੂੜਾ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਟੀਰੀਅਲ ਰਿਕਵਰੀ ਫੈਸਿਲਿਟੀਆਂ, ਉਸਾਰੀ ਅਤੇ ਢਾਹੁਣ ਨਾਲ ਪੈਦਾ ਹੋਣ ਵਾਲੇ ਮਲਬੇ ਦੀ ਪ੍ਰੋਸੈਸਿੰਗ, ਵਿਕੇਂਦਰੀਕ੍ਰਿਤ ਕੂੜਾ ਪ੍ਰਬੰਧਨ ਪ੍ਰਣਾਲੀਆਂ ਅਤੇ ਜਨ-ਜਾਗਰੂਕਤਾ ਮੁਹਿੰਮਾਂ ਰਾਹੀਂ ਚੰਡੀਗੜ੍ਹ ਨੇ ਕੂੜਾ ਪ੍ਰਬੰਧਨ ਦੇ ਖੇਤਰ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ।ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮੈਂਬਰ ਸਕੱਤਰ ਸੌਰਭ ਕੁਮਾਰ ਨੇ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਠੋਸ ਕੂੜਾ ਪ੍ਰਬੰਧਨ ਨਿਯਮ-2026 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸ਼ਹਿਰੀ ਸਥਾਨਕ ਸੰਸਥਾਵਾਂ, ਪ੍ਰਦੂਸ਼ਣ ਕੰਟਰੋਲ ਬੋਰਡਾਂ, ਸਰਕਾਰੀ ਏਜੰਸੀਆਂ ਅਤੇ ਆਮ ਲੋਕਾਂ ਵਿਚਕਾਰ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਇਸ ਮੌਕੇ ਠੋਸ ਕੂੜਾ ਪ੍ਰਬੰਧਨ ਨਿਯਮ-2026 ਸਬੰਧੀ ਇੱਕ ਜਾਗਰੂਕਤਾ ਪੁਸਤਿਕਾ ਵੀ ਜਾਰੀ ਕੀਤੀ ਗਈ, ਜਿਸ ਰਾਹੀਂ ਨਵੇਂ ਨਿਯਮਾਂ ਅਤੇ ਵੱਖ-ਵੱਖ ਧਿਰਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਵਰਕਸ਼ਾਪ ਦੌਰਾਨ ਹੋਏ ਤਕਨੀਕੀ ਸੈਸ਼ਨਾਂ ’ਚ ਠੋਸ ਕੂੜਾ ਪ੍ਰਬੰਧਨ ਨਿਯਮ-2026 ਦੀਆਂ ਮੁੱਖ ਧਾਰਾਵਾਂ, ਇਨ੍ਹਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਦੀ ਰਣਨੀਤੀ, ਵੱਖ-ਵੱਖ ਹਿੱਸੇਦਾਰਾਂ ਦੀ ਭੂਮਿਕਾ ਅਤੇ ਇਸ ਖੇਤਰ ਨਾਲ ਸਬੰਧਿਤ ਅਦਾਲਤੀ ਹਦਾਇਤਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਕੂੜੇ ਦੀ ਛਾਂਟੀ, ਰੀਸਾਈਕਲਿੰਗ, ਸਰੋਤਾਂ ਦੀ ਮੁੜ ਵਰਤੋਂ ਅਤੇ ਸਰਕੂਲਰ ਅਰਥਚਾਰੇ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਚਾਰ ਵੀ ਸਾਂਝੇ ਕੀਤੇ ਗਏ। ਵਰਕਸ਼ਾਪ ਦਾ ਇੱਕ ਮੁੱਖ ਬਿੰਦੂ ਨਗਰ ਨਿਗਮ ਚੰਡੀਗੜ੍ਹ ਵਲੋਂ ਠੋਸ ਕੂੜਾ ਪ੍ਰਬੰਧਨ ਦੇ ਖੇਤਰ ਵਿਚ ਅਪਣਾਈਆਂ ਜਾ ਰਹੀਆਂ ਬਿਹਤਰੀਨ ਰਵਾਇਤਾਂ ਦੀ ਪੇਸ਼ਕਾਰੀ ਰਹੀ। ਇਸ ਦੌਰਾਨ ਸਰੋਤ ਪੱਧਰ ’ਤੇ ਕੂੜੇ ਦੀ ਛਾਂਟੀ, ਮੈਟੀਰੀਅਲ ਰਿਕਵਰੀ, ਰੀਸਾਈਕਲਿੰਗ, ਉਸਾਰੀ ਅਤੇ ਢਾਹੁਣ ਨਾਲ ਪੈਦਾ ਹੋਣ ਵਾਲੇ ਮਲਬੇ ਦੀ ਪ੍ਰੋਸੈਸਿੰਗ ਅਤੇ ਟਿਕਾਊ ਕੂੜਾ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਅਧਿਕਾਰੀਆਂ, ਸ਼ਹਿਰੀ ਸਥਾਨਕ ਸੰਸਥਾਵਾਂ, ਪ੍ਰਦੂਸ਼ਣ ਕੰਟਰੋਲ ਬੋਰਡਾਂ, ਤਕਨੀਕੀ ਮਾਹਿਰਾਂ ਅਤੇ ਹੋਰ ਹਿੱਸੇਦਾਰਾਂ ਨੇ ਵੀ ਹਿੱਸਾ ਲਿਆ।