ਐੱਸ. ਏ. ਐੱਸ. ਨਗਰ, 7 ਜੁਲਾਈ (ਕਪਿਲ ਵਧਵਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਰਜ ਮਨੀ ਲਾਂਡਰਿੰਗ ਮਾਮਲੇ ਵਿਚ ਨਿਆਂਇਕ ਹਿਰਾਸਤ ‘ਚ ਚੱਲ ਰਹੇ ਰੌਇਲ ਸਿਟੀ ਦੇ ਡਾਇਰੈਕਟਰ ਨੀਰਜ ਕਾਂਸਲ ਦੀ ਅੰਤਰਿਮ ਜ਼ਮਾਨਤ ‘ਤੇ ਸੁਣਵਾਈ 7 ਦਿਨਾਂ ਲਈ ਟਲ ਗਈ ਹੈ। ਦੱਸ ਦਈਏ ਕਿ ਗਮਾਡਾ ਦਾ ਕਰੋੜਾਂ ਰੁ. ਦਾ ਬਕਾਇਆ ਨਾ ਦੇਣ ਅਤੇ ਧੋਖਾਧੜੀ ਦੇ ਦੋਸ਼ਾਂ ਤਹਿਤ ਪੰਜਾਬ ਪੁਲਿਸ ਵਲੋਂ ਦਰਜ ਐੱਫ. ਆਈ. ਆਰ. ਦੇ ਆਧਾਰ ਈ. ਡੀ. ਨੇ ਕਾਰਵਾਈ ਕਰਦਿਆਂ ਪ੍ਰਵੀਨ ਕਾਂਸਲ ਅਤੇ ਨੀਰਜ ਕਾਂਸਲ ਨੂੰ 29 ਮਈ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ। ਇਸ ਉਪਰੰਤ ਨੀਰਜ ਕਾਂਸਲ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ 6 ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੀ ਅਪੀਲ ਕੀਤੀ ਸੀ, ਜਿਸ ਦੇ ਚਲਦਿਆਂ ਅਦਾਲਤ ਨੇ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਪੋਰਟ ਤਲਬ ਕੀਤੀ ਸੀ। ਮੰਗਲਵਾਰ ਨੂੰ ਜੇਲ੍ਹ ਸੁਪਰਡੈਂਟ ਵਲੋਂ ਅਦਾਲਤ ਵਿਚ ਜਮ੍ਹਾਂ ਕਰਵਾਈ ਗਈ ਮੈਡੀਕਲ ਰਿਪੋਰਟ ਵਿਚ ਇਹ ਸਪੱਸ਼ਟ ਕੀਤਾ ਗਿਆ ਕਿ ਪਟੀਸ਼ਨਕਰਤਾ ਨੂੰ ਹੋਰ ਇਲਾਜ ਦੀ ਲੋੜ ਤਾਂ ਹੈ, ਪ੍ਰੰਤੂ ਉਕਤ ਰਿਪੋਰਟ ਰਾਹੀਂ ਇਹ ਹਰਗਿਜ਼ ਸੂਚਿਤ ਨਹੀਂ ਕੀਤਾ ਗਿਆ ਕਿ ਕਾਂਸਲ ਨੂੰ ਕਿਸੇ ਉਚੇਰੇ ਸਿਹਤ ਸੰਸਥਾਨ ਤੋਂ ਜਾਂ ਵਿਸ਼ੇਸ਼ ਡਾਕਟਰ ਕੋਲੋਂ ਇਲਾਜ ਦੀ ਸਖ਼ਤ ਲੋੜ ਹੈ ਜਾਂ ਨਹੀਂ। ਇਸ ਤਰ੍ਹਾਂ ਜਿਸ ਤੱਥ ਦੇ ਆਧਾਰ ‘ਤੇ ਇਸ ਜ਼ਮਾਨਤ ਅਰਜ਼ੀ ਦਾ ਨਿਪਟਾਰਾ ਕੀਤਾ ਜਾਣਾ ਸੀ, ਉਹ ਸਪੱਸ਼ਟ ਨਾ ਕੀਤੇ ਜਾਣ ‘ਤੇ ਅਦਾਲਤ ਨੇ ਮੁੜ ਤੋਂ ਜੇਲ੍ਹ ਸੁਪਰਡੈਂਟ ਤੋਂ ਵਿਸਥਾਰਪੂਰਵਕ ਰਿਪੋਰਟ ਤਲਬ ਕਰਦਿਆਂ ਜ਼ਮਾਨਤ ਅਰਜ਼ੀ ‘ਤੇ ਅਗਲੀ ਸੁਣਵਾਈ 14 ਜੁਲਾਈ ਲਈ ਤੈਅ ਕੀਤੀ ਹੈ।