ਚੰਡੀਗੜ੍ਹ, 15 ਜੁਲਾਈ (ਅਜਾਇਬ ਸਿੰਘ ਔਜਲਾ)- ਦੇਸ਼ ਬਚਾਓ ਮੋਰਚੇ ਦੇ ਸੱਦੇ ’ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੜੀਸਾ ਸਮੇਤ ਕਈ ਸੂਬਿਆਂ ਵਿਚ ਭਾਰਤ–ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਲੱਖਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਛੋਟੇ ਵਪਾਰੀਆਂ ਵਲੋਂ ਵੱਡੀ ਗਿਣਤੀ ’ਚ ਮੋਟਰਸਾਈਕਲ ਮਾਰਚ ਕੱਢੇ ਗਏ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੀਆਂ ਵਪਾਰਕ ਗੱਲਬਾਤਾਂ ਵਿਚ ਜਿਸ ‘ਵਿਆਪਕ ਵਪਾਰ ਸਮਝੌਤੇ’ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਕੇਵਲ ਕੁੱਝ ਵਸਤੂਆਂ ਦੀ ਦਰਾਮਦ-ਬਰਾਮਦ ਤੱਕ ਸੀਮਿਤ ਨਹੀਂ, ਸਗੋਂ ਖੇਤੀਬਾੜੀ, ਡੇਅਰੀ, ਉਦਯੋਗ, ਡਿਜ਼ੀਟਲ ਵਪਾਰ, ਸੇਵਾਵਾਂ, ਬੌਧਿਕ ਸੰਪਦਾ ਅਧਿਕਾਰ, ਊਰਜਾ, ਨਿਵੇਸ਼ ਅਤੇ ਬਾਜ਼ਾਰ ਪਹੁੰਚ ਵਰਗੇ ਕਈ ਮਹੱਤਵਪੂਰਨ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਮਝੌਤਾ ਹੋ ਸਕਦਾ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਲੰਮੇ ਸਮੇਂ ਤੋਂ ਭਾਰਤ ਦੇ ਖੇਤੀ ਅਤੇ ਡੇਅਰੀ ਖੇਤਰ ਵਿੱਚ ਵਧੇਰੇ ਬਾਜ਼ਾਰ ਪਹੁੰਚ ਦੀ ਮੰਗ ਕਰਦਾ ਆ ਰਿਹਾ ਹੈ। ਜੇਕਰ ਖੇਤੀ ਉਤਪਾਦਾਂ, ਡੇਅਰੀ ਵਸਤੂਆਂ ਅਤੇ ਹੋਰ ਸਾਮਾਨ ਉੱਤੇ ਦਰਾਮਦੀ ਸ਼ੁਲਕ ਘਟਾਏ ਜਾਂਦੇ ਹਨ ਤਾਂ ਇਸ ਨਾਲ ਦੇਸ਼ ਦੇ ਕਿਸਾਨਾਂ, ਡੇਅਰੀ ਉਤਪਾਦਕਾਂ ਅਤੇ ਛੋਟੇ ਉਦਯੋਗਾਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ। ਮੋਰਚੇ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬੀਜ, ਦਵਾਈਆਂ ਅਤੇ ਪੇਟੈਂਟ ਨਾਲ ਸੰਬੰਧਿਤ ਨਿਯਮਾਂ ਵਿੱਚ ਤਬਦੀਲੀਆਂ ਹੋਣ ਦੀ ਸੂਰਤ ਵਿੱਚ ਬਹੁਰਾਸ਼ਟਰੀ ਕੰਪਨੀਆਂ ਦਾ ਪ੍ਰਭਾਵ ਵਧ ਸਕਦਾ ਹੈ, ਜਿਸ ਨਾਲ ਕਿਸਾਨਾਂ ਦੀ ਖ਼ੁਦਮੁਖ਼ਤਿਆਰੀ ਅਤੇ ਦੇਸ਼ ਦੀ ਖਾਦ ਸੁਰੱਖਿਆ ਉੱਤੇ ਮੰਦ ਪ੍ਰਭਾਵ ਪੈ ਸਕਦਾ ਹੈ। ਆਗੂਆਂ ਨੇ ਕਿਹਾ ਕਿ ਹੁਣ ਤੱਕ ਇਸ ਸਮਝੌਤੇ ਦੇ ਪੂਰੇ ਦਸਤਾਵੇਜ਼ ਜਨਤਕ ਨਹੀਂ ਕੀਤੇ ਗਏ ਹਨ, ਜਿਸ ਕਾਰਨ ਦੇਸ਼ ਦੇ ਵੱਖ-ਵੱਖ ਵਰਗਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਲੋਕਤੰਤਰਿਕ ਪ੍ਰਣਾਲੀ ਵਿੱਚ ਇੰਨੇ ਵੱਡੇ ਅਤੇ ਸੰਵੇਦਨਸ਼ੀਲ ਸਮਝੌਤੇ ਬਾਰੇ ਪੂਰੀ ਜਾਣਕਾਰੀ ਲੋਕਾਂ ਸਾਹਮਣੇ ਰੱਖੀ ਜਾਣੀ ਚਾਹੀਦੀ ਹੈ ਅਤੇ ਸੰਸਦ ਵਿੱਚ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ। ਇਸੇ ਦੌਰਾਨ ਦੇਸ ਬਚਾਓ ਮੋਰਚਾ ਤਾਲਮੇਲ ਕਮੇਟੀ ਸਰਵਣ ਸਿੰਘ ਪੰਧੇਰ ਪੰਜਾਬ, ਸੁਰਜੀਤ ਸਿੰਘ ਫੂਲ ਪੰਜਾਬ, ਗੁਰਨਾਮ ਸਿੰਘ ਚੜੂਨੀ ਹਰਿਆਣਾ, ਵੀ.ਐਨ ਸਿੰਘ ਨਵੀ ਦਿੱਲੀ, ਪ੍ਰਕਾਸ਼ ਬੋਰਾ ਮਹਾਰਾਸ਼ਟਰ, ਸ਼ਿਵ ਕੁਮਾਰ ਕਕਾ ਮੱਧ ਪ੍ਰਦੇਸ ਆਦਿ ਮੋਰਚੇ ਦੇ ਆਗੂਆਂ ਨੇ ਐਲਾਨ ਕੀਤਾ ਕਿ 21 ਜੁਲਾਈ ਨੂੰ ਜੇਕਰ ਲੋਕਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਕੇ ਇਹ ਸਮਝੌਤਾ ਅੱਗੇ ਵਧਾਇਆ ਗਿਆ ਤਾਂ ਦੇਸ਼ ਭਰ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸੇ ਲੜੀ ਤਹਿਤ 21 ਜੁਲਾਈ ਨੂੰ ਕਿਸਾਨ ਘਾਟ ਨਵੀਂ ਦਿੱਲੀ ਵਿਖੇ ਇਕ ਦਿਨ ਮਹਾਰੈਲੀ ਕੀਤੀ ਜਾਵੇਗੀ। ਪੰਜਾਬ ਵਿਚ ਅੱਜ ਪੰਜਾਬ ਵਿਚ ਅੱਜ ਕਿਸਾਨ ਮਜ਼ਦੂਰ ਮੋਰਚਾ, ਐਸ.ਕੇ.ਐਮ (ਗੈਰ-ਰਾਜਨੀਤਿਕ), ਆਜ਼ਾਦ ਕਿਸਾਨ ਮੋਰਚਾ, ਭਾਰਤੀ ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ, ਬੀ.ਕੇ.ਯੂ ਬੋਘ ਸਿੰਘ ਮਾਨਸਾ, ਹਰਿਆਣਾ ਵਿਚ ਬੀ.ਕੇ.ਯੂ ਚੜੂਨੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ, ਹਰਿਆਣਾ ਬੀ.ਕੇ.ਯੂ ਸ਼ਹੀਦ ਭਗਤ ਸਿੰਘ ਆਦਿ ਜਥੇਬੰਦੀਆਂ ਤੋਂ ਇਲਾਵਾ ਯੂ.ਪੀ ਵਿਚ ਬੀ.ਐਮ ਸਿੰਘ ਦੀ ਅਗਵਾਈ ਵਾਲਾ ਐਮ.ਐਸ.ਪੀ ਦਵਾਊ ਮੋਰਚਾ ਇਸ ਮੋਰਚੇ ਵੱਲੋਂ ਉੱਤਰਾਖੰਡ ਚ ਵੀ ਪ੍ਰੋਗਰਾਮ ਕੀਤਾ, ਹਿਮਾਚਲ ਵਿਚ ਹਿਮਾਚਲ ਦੀਆਂ 27 ਜਥੇਬੰਦੀਆਂ ਅਤੇ ਰਾਜਸਥਾਨ ਵਿਚ ਜੀ.ਕੇ.ਐਸ ਅਤੇ ਰਾਜ ਸਭਾ ਤੇ ਹੋਰ ਜਥੇਬੰਦੀਆਂ ਨੇ ਮੋਟਰਸਾਈਕਲ ਮਾਰਚ ਕੀਤਾ।