ਚੰਡੀਗੜ੍ਹ; 15 ਜੁਲਾਈ (ਅਜੀਤ ਬਿਊਰੋ)-ਸੂਬੇ ਭਰ ਦੇ ਸਿੱਖਿਆ ਅਮਲੇ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਥੇ ਸਿੱਖਿਆ ਵਿਭਾਗ ਦੀਆਂ ਪੰਜ ਯੂਨੀਅਨਾਂ ਦੇ ਵਫ਼ਦਾਂ ਨਾਲ ਮੀਟਿੰਗਾਂ ਕੀਤੀਆਂ। ਸੂਬਾ ਸਰਕਾਰ ਦੀ ਪਹਿਲਕਦਮੀ ਵਾਲੀ ਪਹੁੰਚ ਦੀ ਵਿਆਪਕ ਝਲਕ ਪੇਸ਼ ਕਰਦਿਆਂ ਇਹ ਵਿਚਾਰ-ਵਟਾਂਦਰਾ ਜਾਇਜ਼ ਮੰਗਾਂ ਅਤੇ ਸ਼ਿਕਾਇਤਾਂ ਨੂੰ ਹਮਦਰਦੀ ਨਾਲ ਹੱਲ ਕਰਨ ‘ਤੇ ਕੇਂਦਰਿਤ ਰਿਹਾ।ਯੂਨੀਅਨਾਂ ਦੇ ਮੰਗ ਪੱਤਰਾਂ ‘ਤੇ ਵਿਚਾਰ ਕਰਨ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਨੁਮਾਇੰਦਿਆਂ ਨੂੰ ਕਿਹਾ ਕਿ ਸੂਬਾ ਸਰਕਾਰ ਤੁਹਾਡੀਆਂ ਚਿੰਤਾਵਾਂ ਪ੍ਰਤੀ ਬਹੁਤ ਸੁਹਿਰਦ ਹੈ ਅਤੇ ਤੁਹਾਡੀਆਂ ਜ਼ਿਆਦਾਤਰ ਜਾਇਜ਼ ਮੰਗਾਂ ‘ਤੇ ਪਹਿਲਾਂ ਹੀ ਕਾਰਵਾਈ ਕੀਤੀ ਜਾ ਰਹੀ ਹੈ। ਸਪੈਸ਼ਲ ਕਾਡਰ ਟੀਚਰਜ਼ ਫਰੰਟ ਨੇ ਤਨਖਾਹ ਸਕੇਲ ਅਤੇ ਸੇਵਾ ਨਿਯਮਾਂ ਨੂੰ ਲਾਗੂ ਕਰਨ ਸੰਬੰਧੀ ਮੰਗਾਂ ਰੱਖੀਆਂ, ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਦੇ ਨੁਮਾਇੰਦਿਆਂ ਨੇ ਮਿਡ-ਡੇਅ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨਾਂ ਦੇ ਦਾਇਰੇ ਵਿਚ ਲਿਆਉਣ ਦੀ ਵਕਾਲਤ ਕੀਤੀ, ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਨੇ ਤਨਖਾਹਾਂ ਅਤੇ ਤਰੱਕੀਆਂ ਨਾਲ ਸੰਬੰਧਿਤ ਚਿੰਤਾਵਾਂ ਉਠਾਈਆਂ, ਐੱਨ.ਐੱਸ.ਕਿਊ.ਐੱਫ. ਵੋਕੇਸ਼ਨਲ ਟੀਚਰਜ਼ ਫਰੰਟ ਨੇ ਨਿੱਜੀ ਕੰਪਨੀਆਂ ਦੇ ਵਿਚੋਲਿਆਂ ਨੂੰ ਖਤਮ ਕਰਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿਚ ਮਿਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਕੰਪਿਊਟਰ ਟੀਚਰਜ਼ ਯੂਨੀਅਨ ਨੇ ਤੁਰੰਤ ਵਿੱਤੀ ਰਾਹਤ ਅਤੇ ਲੰਬੇ ਸਮੇਂ ਦੀ ਭਲਾਈ ਸੁਰੱਖਿਆ ‘ਤੇ ਕੇਂਦਰਿਤ ਆਪਣਾ ਮੰਗ ਪੱਤਰ ਪੇਸ਼ ਕੀਤਾ।ਮੀਟਿੰਗਾਂ ਦੌਰਾਨ ਸਪੈਸ਼ਲ ਕਾਡਰ ਟੀਚਰਜ਼ ਫਰੰਟ ਵਲੋਂ ਅਨੁਭਵ ਗੁਪਤਾ, ਗੁਰਦੀਪ ਸਿੰਘ ਅਤੇ ਅਨਿਲ ਕੁਮਾਰ, ਡੈਮੋਕ੍ਰੇਟਿਕ ਮਿਡ ਡੇਅ ਮੀਲ ਕੁੱਕ ਫਰੰਟ ਵਲੋਂ ਸਿਮਰਜੀਤ ਕੌਰ, ਸੁਰੇਸ਼ ਰਾਣੀ, ਜੈਲ ਕੌਰ ਅਤੇ ਜੰਗਬਹਾਦਰ ਕੌਰ, ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਇੰਪਲਾਈਜ਼ ਯੂਨੀਅਨ ਵੱਲੋਂ ਮਨਮੋਹਨ ਸਿੰਘ, ਦੀਪਕ ਕੁਮਾਰ ਅਤੇ ਸ਼ੁਭਕਰਨ, ਐੱਨ.ਐੱਸ.ਕਿਊ.ਐੱਫ. ਵੋਕੇਸ਼ਨਲ ਟੀਚਰਜ਼ ਫਰੰਟ ਵਲੋਂ ਭੁਪਿੰਦਰ ਸਿੰਘ, ਰਣਜੀਤ ਸਿੰਘ ਅਤੇ ਗੁਰਜੀਤ ਸਿੰਘ, ਅਤੇ ਕੰਪਿਊਟਰ ਟੀਚਰਜ਼ ਯੂਨੀਅਨ ਵਲੋਂ ਗੁਰਵਿੰਦਰ ਸਿੰਘ, ਹਰਜੀਤ ਸਿੰਘ ਅਤੇ ਨਰਦੀਪ ਸ਼ਰਮਾ ਨੇ ਆਪਣੀਆਂ ਯੂਨੀਅਨਾਂ ਦੇ ਮੁੱਦੇ ਅਤੇ ਚਿੰਤਾਵਾਂ ਪੇਸ਼ ਕੀਤੀਆਂ।
ਚੀਮ ਵਲੋਂ ਸਿੱਖਿਆ ਵਿਭਾਗ ਦੀਆਂ 5 ਯੂਨੀਅਨਾਂ ਨਾਲ ਵਿਚਾਰ-ਚਰਚਾ
ਅਜੀਤ ਡੈਸਕ
16-07-2026