ਚੰਡੀਗੜ੍ਹ, 16 ਜੁਲਾਈ (ਸੰਦੀਪ ਕੁਮਾਰ ਮਾਹਨਾ)- ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ, ਕੇਂਦਰੀ ਸੁਰੱਖਿਆ ਬਲਾਂ ਅਤੇ ਐੱਸ.ਪੀ.ਜੀ. ਵਲੋਂ ਸਾਂਝੇ ਤੌਰ ’ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੀ ‘ਪੈਕ’ ਵਿਖੇ ਪਹੁੰਚ ਕੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਪੀ.ਐਮ. ਦੇ ਦੌਰੇ ਕਾਰਨ ਚੰਡੀਗੜ੍ਹ ਪੁਲਿਸ ਦੇ ਡੀ.ਜੀ.ਪੀ ਡਾ. ਸਾਗਰ ਪ੍ਰੀਤ ਹੁੱਡਾ ਸਮੁੱਚੀ ਸੁਰੱਖਿਆ ਵਿਵਸਥਾ ਦੀ ਨਿਗਰਾਨੀ ਖ਼ੁਦ ਕਰਨਗੇ। ਹਵਾਈ ਅੱਡੇ, ਰਾਜਿੰਦਰਾ ਪਾਰਕ, ਪੰਜਾਬ ਇੰਜੀਨੀਅਰਿੰਗ ਕਾਲਜ, ਵੀ.ਵੀ.ਆਈ.ਪੀ ਰੂਟਾਂ, ਸ਼ਹਿਰ ਦੇ ਮੁੱਖ ਚੌਰਾਹਿਆਂ ਅਤੇ ਸਾਰੇ ਐਂਟਰੀ ਪੁਆਇੰਟਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ। ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਸਖ਼ਤ ਜਾਂਚ ਕੀਤੀ ਜਾ ਰਹੀ ਹੈ। ਰਾਜਿੰਦਰਾ ਪਾਰਕ ਤੋਂ ਪੈਕ ਤੱਕ ਲਗਭਗ ਦੋ ਕਿਲੋਮੀਟਰ ਖੇਤਰ ਨੂੰ ਹਾਈ ਸਕਿਊਰਿਟੀ ਜ਼ੋਨ ਐਲਾਨਿਆ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸਮਾਗਮ ਸਥਾਨ ’ਤੇ ਐਂਬੂਲੈਂਸਾਂ, ਡਾਕਟਰਾਂ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਵੀ ਪੂਰੀ ਤਰ੍ਹਾਂ ਚੌਕਸ ਰੱਖਿਆ ਗਿਆ ਹੈ।ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਰਾਹੀਂ ਰਾਜਿੰਦਰ ਪਾਰਕ ਪਹੁੰਚਣਗੇ।ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਸਵੇਰ ਤੋਂ ਦੁਪਹਿਰ 3 ਵਜੇ ਤੱਕ ਕਈ ਮੁੱਖ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਰਹੇਗੀ। ਨਯਾਗਾਂਵ ਬੈਰੀਅਰ ਤੋਂ ਪੇਕ ਲਾਈਟ ਪੁਆਇੰਟ ਅਤੇ ਸੈਕਟਰ-2/3/10-11 ਚੌਕ ਤੱਕ ਟਰੈਫਿਕ ਡਾਇਵਰਸ਼ਨ ਲਾਗੂ ਰਹੇਗਾ। ਪੰਜਾਬ ਇੰਜ਼ੀਨੀਅਰਿੰਗ ਕਾਲਜ਼ (ਪੈਕ) ਵਿਖੇ ਸਮਾਗਮ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ, ਜਦਕਿ ਐਂਟਰੀ ਸਵੇਰੇ 11 ਵਜੇ ਤੋਂ ਦਿੱਤੀ ਜਾਵੇਗੀ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਹ ਦੌਰਾ ਨਾ ਸਿਰਫ਼ ਵਿਕਾਸ ਪ੍ਰੋਜੈਕਟਾਂ ਨੂੰ ਨਵੀਂ ਰਫ਼ਤਾਰ ਦੇਵੇਗਾ, ਸਗੋਂ ਖੇਤਰ ਦੇ ਸਿਹਤ, ਸਿੱਖਿਆ ਅਤੇ ਆਵਾਜਾਈ ਢਾਂਚੇ ਨੂੰ ਵੀ ਮਜ਼ਬੂਤੀ ਪ੍ਰਦਾਨ ਕਰੇਗਾ।