01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਕਾਂਗਰਸ ਨੇ ਰਾਜਧਾਨੀ ’ਚ ਕੱਢਿਆ ‘ਵਿਜੈ ਤਿਰੰਗਾ ਮਾਰਚ’

Ad Position 21
No active advertisement
ਅਜੀਤ ਡੈਸਕ 26-07-2026
ਚੰਡੀਗੜ੍ਹ, 25 ਜੁਲਾਈ(ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਕਾਂਗਰਸ ਵਲੋਂ ਅੱਜ ਸੈਕਟਰ-17 ਪਲਾਜ਼ਾ ਵਿਚ ਦੇਸ਼ ਭਰ ਦੇ ਵਿਦਿਆਰਥੀਆਂ ਦੇ ਸਮਰਥਨ ਵਿਚ ਕੱਢਿਆ ਜਾਣ ਵਾਲਾ ਤਿਰੰਗਾ ਮਾਰਚ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ‘ਵਿਜੈ ਤਿਰੰਗਾ ਮਾਰਚ’ ਵਿੱਚ ਤਬਦੀਲ ਹੋ ਗਿਆ। ਇਸ ਵਿਜੈ ਤਿਰੰਗਾ ਮਾਰਚ ਦੀ ਅਗਵਾਈ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐੱਸ. ਲੱਕੀ ਨੇ ਕੀਤੀ। ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ, ਕੌਂਸਲਰਾਂ, ਯੂਥ ਕਾਂਗਰਸ, ਐਨ.ਐੱਸ.ਯੂ.ਆਈ ਦੇ ਵਰਕਰਾਂ, ਵਿਦਿਆਰਥੀਆਂ ਅਤੇ ਨਾਗਰਿਕਾਂ ਨੇ ਹੱਥਾਂ ਵਿਚ ਤਿਰੰਗਾ ਲੈ ਕੇ ਮਾਰਚ ਕੀਤਾ। ਇਸ ਦੌਰਾਨ ‘ਵਿਦਿਆਰਥੀ ਸ਼ਕਤੀ ਜ਼ਿੰਦਾਬਾਦ’, ‘ਤਾਨਾਸ਼ਾਹੀ ਮੁਰਦਾਬਾਦ’, ‘ਪੇਪਰ ਲੀਕ ਬੰਦ ਕਰੋ’, ‘ਨੌਜਵਾਨ ਵਿਰੋਧੀ ਸਰਕਾਰ ਜਵਾਬ ਦਿਓ’ ਵਰਗੇ ਨਾਅਰਿਆਂ ਨਾਲ ਸਾਰਾ ਸੈਕਟਰ-17 ਪਲਾਜ਼ਾ ਗੂੰਜ ਉੱਠਿਆ। ਇਸ ਮੌਕੇ ਚੰਡੀਗੜ੍ਹ ਕਾਂਗਰਸ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਸ਼ਰਬਤ (ਸਬੀਲ), ਫਲ ਅਤੇ ਬਿਸਕੁਟਾਂ ਦਾ ਪ੍ਰਬੰਧ ਕੀਤਾ ਗਿਆ । ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਵਿਦਿਆਰਥੀ ਅੰਦੋਲਨ ਦੀ ਜਿੱਤ ਕਰਾਰ ਦਿੰਦਿਆਂ ਕਾਂਗਰਸੀ ਵਰਕਰਾਂ ਨੇ ਵਿਦਿਆਰਥੀਆਂ ਵਿਚ ਲੱਡੂ ਵੰਡ ਕੇ ਇਸ ਇਤਿਹਾਸਕ ਪਲ ਦਾ ਸਵਾਗਤ ਕੀਤਾ। ਸੰਬੋਧਨ ਕਰਦਿਆਂ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐੱਸ. ਲੱਕੀ ਨੇ ਕਿਹਾ ਕਿ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਕਿਸੇ ਇਕ ਵਿਅਕਤੀ ਦੀ ਹਾਰ ਨਹੀਂ, ਸਗੋਂ ਦੇਸ਼ ਦੀ ਵਿਦਿਆਰਥੀ ਸ਼ਕਤੀ ਦੀ ਇਤਿਹਾਸਕ ਜਿੱਤ ਅਤੇ ਮੋਦੀ ਸਰਕਾਰ ਦੇ ਹੰਕਾਰ ਦੀ ਹਾਰ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਭਰ ਦੇ ਵਿਦਿਆਰਥੀ ਪੇਪਰ ਲੀਕ, ਪ੍ਰੀਖਿਆ ਪ੍ਰਣਾਲੀ ਵਿਚ ਭ੍ਰਿਸ਼ਟਾਚਾਰ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਦੇ ਖ਼ਿਲਾਫ਼ ਲੋਕਤਾਂਤਰਿਕ ਅੰਦੋਲਨ ਚਲਾ ਰਹੇ ਸਨ। ਸਰਕਾਰ ਨੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਆਖ਼ਿਰਕਾਰ ਉਸ ਨੂੰ ਵਿਦਿਆਰਥੀ ਸ਼ਕਤੀ ਅੱਗੇ ਝੁਕਣਾ ਪਿਆ। ਉਨ੍ਹਾਂ ਕਿਹਾ ਕਿ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਅੰਤ ਨਹੀਂ, ਸਗੋਂ ਜਵਾਬਦੇਹੀ ਦੀ ਸ਼ੁਰੂਆਤ ਹੈ। ਪੇਪਰ ਲੀਕ ਸਿਰਫ਼ ਇਕ ਪ੍ਰਸ਼ਾਸਨਿਕ ਨਾਕਾਮੀ ਨਹੀਂ, ਬਲਕਿ ਕਰੋੜਾਂ ਨੌਜਵਾਨਾਂ ਦੇ ਸੁਪਨਿਆਂ ’ਤੇ ਹਮਲਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ, ਸਿਰਫ਼ ਝੂਠੇ ਵਾਅਦੇ ਅਤੇ ਖੋਖਲੇ ਭਾਸ਼ਣ ਦਿੰਦੀ ਰਹੀ। ਜਦੋਂ ਵਿਦਿਆਰਥੀ ਆਪਣੇ ਹੱਕਾਂ ਲਈ ਸੜਕਾਂ ’ਤੇ ਉੱਤਰੇ ਤਾਂ ਉਨ੍ਹਾਂ ਦਾ ਸਨਮਾਨ ਕਰਨ ਦੀ ਬਜਾਏ ਉਨ੍ਹਾਂ ’ਤੇ ਲਾਠੀਆਂ ਵਰਸਾਈਆਂ ਗਈਆਂ। ਪਰ ਅੱਜ ਇਹ ਸਾਬਤ ਹੋ ਗਿਆ ਹੈ ਕਿ ਲਾਠੀਆਂ ਵਿਦਿਆਰਥੀ ਸ਼ਕਤੀ ਨੂੰ ਝੁਕਾ ਨਹੀਂ ਸਕਦੀਆਂ। ਉਨ੍ਹਾਂ ਕਿਹਾ ਕਿ ਅੱਜ ਦੀ ਜਿੱਤ ਸਿਰਫ਼ ਵਿਦਿਆਰਥੀਆਂ ਦੀ ਨਹੀਂ, ਸਗੋਂ ਲੋਕਤੰਤਰ, ਸੰਵਿਧਾਨ ਅਤੇ ਜਨਸ਼ਕਤੀ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਹੁਣ ਵੀ ਵਿਦਿਆਰਥੀ ਵਿਰੋਧੀ, ਕਿਸਾਨ ਵਿਰੋਧੀ, ਨੌਜਵਾਨ ਵਿਰੋਧੀ ਅਤੇ ਜਨ ਵਿਰੋਧੀ ਨੀਤੀਆਂ ’ਤੇ ਚੱਲਦੀ ਰਹੀ ਤਾਂ ਦੇਸ਼ ਦੀ ਜਨਤਾ ਉਸ ਨੂੰ ਲੋਕਤਾਂਤਰਿਕ ਢੰਗ ਨਾਲ ਹੋਰ ਵੱਡਾ ਜਵਾਬ ਦੇਵੇਗੀ। ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਮੋਦੀ ਸਰਕਾਰ ਦੇ ਰਾਜਨੀਤਿਕ ਪਤਨ ਦਾ ਪਹਿਲਾ ਸੰਕੇਤ ਹੈ। ਆਉਣ ਵਾਲੇ ਸਮੇਂ ਵਿਚ ਜਨਤਾ ਹਰ ਉਸ ਨੀਤੀ ਦਾ ਹਿਸਾਬ ਲਵੇਗੀ ਜਿਸ ਨੇ ਨੌਜਵਾਨਾਂ ਦੇ ਭਵਿੱਖ, ਲੋਕਤੰਤਰ ਅਤੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇਸ਼ ਭਰ ਦੇ ਸੰਘਰਸ਼ਸ਼ੀਲ ਵਿਦਿਆਰਥੀਆਂ ਨੂੰ ਇਸ ਜਿੱਤ ਦੀ ਵਧਾਈ ਦਿੰਦਿਆਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਅੱਗੇ ਵੀ ਨੌਜਵਾਨਾਂ ਦੇ ਹੱਕਾਂ, ਪਾਰਦਰਸ਼ੀ ਭਰਤੀ ਪ੍ਰਣਾਲੀ, ਨਿਰਪੱਖ ਪ੍ਰੀਖਿਆਵਾਂ ਅਤੇ ਸਿੱਖਿਆ ਪ੍ਰਣਾਲੀ ਵਿਚ ਜਵਾਬਦੇਹੀ ਦੀ ਲੜਾਈ ਸੜਕ ਤੋਂ ਲੈ ਕੇ ਸੰਸਦ ਤੱਕ ਪੂਰੀ ਮਜ਼ਬੂਤੀ ਨਾਲ ਲੜਦੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਪੀ. ਜੀ. ਆਈ. ਦੇ ਪ੍ਰੋ. ਸੋਨੂੰ ਗੋਇਲ ਨੂੰ ‘ਸਪੈਸ਼ਲ ਰਿਕੋਗਨੀਸ਼ਨ ਐਵਾਰਡ’ ਨਾਲ ਕੀਤਾ ਸਨਮਾਨਿਤ ਅਗਲੀ ਖ਼ਬਰ ਵਿਦਿਆਰਥੀਆ ਨੇ ਪੰਜਾਬ ਯੂਨੀਵਰਸਿਟੀ ਅਤੇ ਪਲਾਜਾ ਸੈਕਟਰ-17 ਚੰਡੀਗੜ੍ਹ ’ਚ ਜਾਗੋ ਕੱਢ ਕੇ ਜੇਤੂ ਮਾਰਚ ਕੱਢਿਆ
Ad Position 24
No active advertisement