ਚੰਡੀਗੜ੍ਹ, 26 ਜੁਲਾਈ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਵਲੋਂ ਚੰਡੀਗੜ੍ਹ, ਮੋਹਾਲੀ, ਪੰਚਕੂਲਾ ਤੇ ਪੰਜਾਬ ਦੇ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ, ਮਾਂ ਬੋਲੀ, ਵਿਰਸੇ ਤੇ ਵਿਰਾਸਤ ਨਾਲ ਜੋੜਨ ਦੇ ਯਤਨ ਵਜੋਂ ਨਵੇਂ ਬੱਚਿਆਂ ਨੂੰ ਵਰਕਸ਼ਾਪਾਂ ਤੇ ਸੰਗੀਤਕ ਟਰੇਨਿੰਗ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਅਕੈਡਮੀ ਦੀ ਚੇਅਰਪਰਸਨ ਡਾ. ਸੁਖਮਿੰਦਰ ਕੌਰ ਬਰਾੜ (ਸੁੱਖੀ ਬਰਾੜ) ਨੇ ਪ੍ਰੋਗਰਾਮ ਦੀ ਸ਼ੁਰੂਆਤ ਮਨਦੀਪ ਸਿੰਘ ਬਰਾੜ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਰਸਮੀ ਤੌਰ ’ਤੇ ਕੀਤੀ ਗਈ। ਮੰਚ ’ਤੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਆਪਣੇ ਸੱਭਿਅਕ ਬੋਲਾਂ ਤੇ ਪੰਜਾਬ ਨੂੰ ਸਮਰਪਿਤ ਸ਼ੇਅਰਾਂ ਨਾਲ ਕੀਤੀ। ਉਪਰੰਤ ਅਕੈਡਮੀ ਦੀ ਚੇਅਰਪਰਸਨ ਸੁੱਖੀ ਬਰਾੜ ਹੋਰਾਂ ਦੀ ਰਹਿਨੁਮਾਈ ਹੇਠ ਅਕੈਡਮੀ ਵਲੋਂ ਨਵੀਂ ਪੀੜ੍ਹੀ ਦੇ ਇਨ੍ਹਾਂ ਬੱਚਿਆਂ ਨੂੰ ਮਹੀਨਿਆਂ ਬੱਧੀ ਟ੍ਰੇਨਿੰਗ ਦੇ ਕੇ ਪੰਜਾਬੀ ਫੋਕ ਸੰਗੀਤ ਗਾਉਣ ਦੇ ਸਮਰੱਥ ਬਣਾਏ ਗਏ ਬੱਚਿਆਂ ਨੇ ਆਪੋ ਆਪਣੀ ਸੰਗੀਤਕ ਪ੍ਰਤਿਭਾ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਸਨਮਾਨ ਸਮਾਰੋਹ ਦੌਰਾਨ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ, ਵਿਰਸੇ ਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਹਿੱਤ ਪੰਜਾਬੀ ਸੰਗੀਤ, ਫ਼ਿਲਮ, ਥੀਏਟਰ ਅਤੇ ਹੋਰ ਵੱਖ-ਵੱਖ ਖੇਤਰਾਂ ਵਿਚ ਪਾਏ ਗਏ ਵੱਡਮੁਲੇ ਯੋਗਦਾਨ ਬਦਲੇ ‘ਵਿਰਸੇ ਦੇ ਵਾਰਿਸ’ ਐਵਾਰਡ ਨਾਲ ਵੱਖ-ਵੱਖ ਖੇਤਰ ਦੀਆਂ 21 ਸਿਰਮੌਰ ਸ਼ਖ਼ਸੀਅਤਾਂ ਬਾਬੂ ਸਿੰਘ ਮਾਨ, ਪਦਮਸ੍ਰੀ ਹੰਸ ਰਾਜ ਹੰਸ, ਪਦਮਸ੍ਰੀ ਨਿਰਮਲ ਰਿਸ਼ੀ, ਡਾ. ਦੀਪਕ ਮਨਮੋਹਨ, ਮੁਹੰਮਦ ਸਦੀਕ, ਰਣਜੀਤ ਕੌਰ, ਜਤਿੰਦਰ ਕੌਰ, ਬੀ. ਐੱਨ. ਸ਼ਰਮਾ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਅਜਾਇਬ ਸਿੰਘ ਔਜਲਾ, ਡੌਲੀ ਗੁਲੇਰੀਆ, ਅਮਰ ਨੂਰੀ, ਅਤੁਲ ਸ਼ਰਮਾ, ਅਮਰ ਨੂਰੀ, ਜਤਿੰਦਰ ਕੌਰ, ਗੁਰਪ੍ਰੀਤ ਭੰਗੂ, ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ), ਨੀਨਾ ਟਿਵਾਣਾ, ਮਲਕੀਤ ਰੌਣੀ, ਗੁਲਸ਼ਨ ਕੋਮਲ ਤੇ ਗੁਰਪ੍ਰੀਤ ਸਿੰਘ (ਘੁੱਗੀ) ਨੂੰ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਸਤਨਾਮ ਪੰਜਾਬੀ ਵਲੋਂ ਨਿਭਾਈ ਗਈ। ਪ੍ਰੋਗਰਾਮ ਦੀ ਖ਼ਾਸੀਅਤ ਇਹ ਰਹੀ ਕਿ ਸੰਗੀਤ ਨਾਟਕ ਅਕੈਡਮੀ ਦੇ ਵਿਹੜੇ ਪੇਂਡੂ ਸੱਭਿਆਚਾਰ ਦੀ ਤਸਵੀਰ ਇਕ ਪੇਂਡੂ ਵਿਹੜਾ ਵੀ ਤਿਆਰ ਕੀਤਾ ਜਿਸ ਵਿਚ ਸਾਡੇ ਪੁਰਾਤਨ ਪੇਂਡੂ ਸੱਭਿਆਚਾਰ ਨਾਲ ਸੰਬੰਧਿਤ ਸਾਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪੁਰਾਣੇ ਜ਼ਮਾਨੇ ਦੇ ਵਿਆਹਾਂ ਸਮੇਂ ਕੋਠਿਆਂ ਤੇ ਮੰਜੇ ਜੋੜ ਕੇ ਵੱਜਣ ਵਾਲਾ ਸਪੀਕਰ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਮਨੋਰੰਜਨ ਲਈ ਲਗਾਇਆ। ਸਨਮਾਨ ਸਮਾਰੋਹ ਵਿਚ ਗ੍ਰਹਿ ਸਕੱਤਰ ਚੰਡੀਗੜ੍ਹ ਪ੍ਰਸ਼ਾਸਨ ਮਨਦੀਪ ਸਿੰਘ ਬਰਾੜ, ਯੂ. ਟੀ. ਤੇ ਡਾਇਰੈਕਟਰ ਕਲਚਰ ਵਿਭਾਗ ਨਵੀਨ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਹੰਸ ਰਾਜ ਹੰਸ ਨੇ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਲਿਖੇ ਗੀਤ ਗਾ ਕੇ ਸਮਾਂ ਬੰਨ੍ਹ ਦਿੱਤਾ। ਅਮਰ ਨੂਰੀ ਨੇ ‘ਨਛੱਤਰਾਂ ਲੈ ਆਈਂ ਵੇ ਇਕ ਸਾਬਣ ਦੀ ਟਿੱਕੀ’ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਸੁਰਿੰਦਰ ਕੌਰ ਦੀ ਬੇਟੀ ਡੌਲੀ ਗੁਲੇਰੀਆ ਨੇ ਆਪਣੀ ਮਾਂ ਦੇ ਗਾਏ ਗੀਤਾਂ ਨਾਲ ਪੁਰਾਣਾ ਮਾਹੌਲ ਯਾਦ ਕਰਵਾ ਦਿੱਤਾ। ਸਰਦੂਲ ਸਿਕੰਦਰ ਦੇ ਬੇਟੇ ਅਲਾਪ ਸਿਕੰਦਰ ਨੇ ਆਪਣੇ ਪਿਤਾ ਦਾ ਗਾਇਆ ਗੀਤ ‘ਚਰਖਾ ਗਲੀ ਦੇ ਵਿਚ ਡਾਹ ਲਿਆ’ ਗਾ ਕੇ ਸਰਦੂਲ ਸਿਕੰਦਰ ਦੀ ਯਾਦ ਤਾਜ਼ਾ ਕਰਵਾ ਦਿੱਤੀ।