05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜਨਤਾ ਦਰਬਾਰ ’ਚ ਲੋਕਾਂ ਦਾ ਭਰਵਾਂ ਹੁੰਗਾਰਾ, ਮੇਅਰ ਸੌਰਭ ਜੋਸ਼ੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 28-07-2026
ਚੰਡੀਗੜ੍ਹ, 27 ਜੁਲਾਈ (ਸੰਦੀਪ ਕੁਮਾਰ ਮਾਹਨਾ)– ਨਗਰ ਨਿਗਮ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਸੋਮਵਾਰ ਨੂੰ ਸੈਕਟਰ-17 ਸਥਿਤ ਨਗਰ ਨਿਗਮ ਦਫ਼ਤਰ ’ਚ ਲਗਾਏ ਜਨਤਾ ਦਰਬਾਰ ਦੌਰਾਨ ਕਰੀਬ ਪੰਜ ਘੰਟੇ ਤੱਕ ਲਗਾਤਾਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਵੱਡੀ ਗਿਣਤੀ ਵਿਚ ਪੁੱਜੇ ਸ਼ਹਿਰ ਵਾਸੀਆਂ ਵਲੋਂ ਉਠਾਏ ਗਏ ਕਈ ਮਾਮਲਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ, ਜਦਕਿ ਬਾਕੀ ਸ਼ਿਕਾਇਤਾਂ ਦੇ ਸਮਾਬੱਧ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਗਏ। ਜਨਤਾ ਦਰਬਾਰ ਵਿਚ ਕਰੀਬ 500 ਤੋਂ 600 ਲੋਕਾਂ ਨੇ ਹਿੱਸਾ ਲਿਆ, ਜਿਸ ਕਾਰਨ ਮੇਅਰ ਦਾ ਦਫ਼ਤਰ ਅਤੇ ਨਿਗਮ ਇਮਾਰਤ ਦਾ ਆਸ-ਪਾਸ ਦਾ ਖੇਤਰ ਲੋਕਾਂ ਨਾਲ ਭਰਿਆ ਰਿਹਾ। ਇਸ ਮੌਕੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ-3 ਬਲਬੀਰ ਰਾਜ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ, ਜਿਨ੍ਹਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਮੌਕੇ ’ਤੇ ਹੀ ਕਈ ਮਾਮਲਿਆਂ ਦੇ ਹੱਲ ਲਈ ਕਾਰਵਾਈ ਸ਼ੁਰੂ ਕਰਵਾਈ। ਜਨਤਾ ਦਰਬਾਰ ’ਚ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ, ਪਿੰਡ ਕਮੇਟੀਆਂ, ਵਪਾਰਕ ਜਥੇਬੰਦੀਆਂ, ਸਮਾਜਿਕ ਸੰਸਥਾਵਾਂ, ਰੇਹੜੀ-ਫ਼ੜੀ ਵਾਲਿਆਂ ਅਤੇ ਵੱਖ-ਵੱਖ ਸੈਕਟਰਾਂ ਦੇ ਵਸਨੀਕਾਂ ਨੇ ਆਪਣੀਆਂ ਸਮੱਸਿਆਵਾਂ ਅਤੇ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪੇ। ਸ਼ਹਿਰ ਵਾਸੀਆਂ ਵਲੋਂ ਸੈਕਟਰ-15ਏ ਦੇ ਵੈਂਡਰ ਜ਼ੋਨ ਨਾਲ ਜੁੜੇ ਮਸਲੇ, ਰੇਹੜੀ-ਫੜੀ ਵਿਕਰੇਤਿਆਂ ਦੇ ਪੁਨਰਵਾਸ, ਧੋਬੀ ਘਾਟਾਂ ਅਤੇ ਭੂਮੀਗਤ ਤੰਦੂਰਾਂ ਨਾਲ ਸਬੰਧਤ ਮੁੱਦੇ, ਸੈਕਟਰ-22-ਸੀ ਸਥਿਤ ਸ਼ਾਸਤਰੀ ਮਾਰਕੀਟ ਦੇ ਨਵੀਨੀਕਰਨ ਦੌਰਾਨ ਆਰਜ਼ੀ ਸ਼ੈਡਾਂ ਦੀ ਮੰਨਜ਼ੂਰੀ, ਘਰ-ਘਰ ਕੂੜਾ ਇਕੱਠਾ ਕਰਨ ਦੀ ਵਿਵਸਥਾ, ਸਫ਼ਾਈ ਪ੍ਰਬੰਧ, ਅੰਦਰੂਨੀ ਸੜਕਾਂ ਅਤੇ ਗਲੀਆਂ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਸੰਭਾਲ, ਪਾਰਕਾਂ ਅਤੇ ਗਰੀਨ ਬੈਲਟਾਂ ਦੇ ਰੱਖ-ਰਖਾਅ, ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ, ਬਰਸਾਤੀ ਪਾਣੀ ਦੀ ਨਿਕਾਸੀ, ਨਾਲਿਆਂ ਦੀ ਸਫ਼ਾਈ, ਨਾਜਾਇਜ਼ ਕਬਜ਼ੇ ਹਟਾਉਣ ਅਤੇ ਪਾਰਕਿੰਗ ਨਾਲ ਸਬੰਧਤ ਸਮੱਸਿਆਵਾਂ ਉਠਾਈਆਂ ਗਈਆਂ। ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸੈਕਟਰਾਂ ਵਿੱਚ ਸਫ਼ਾਈ ਪ੍ਰਬੰਧ ਹੋਰ ਬਿਹਤਰ ਬਣਾਉਣ, ਕੂੜੇ ਦੀ ਸਮੇਂ ਸਿਰ ਚੁਕਾਈ, ਅੰਦਰੂਨੀ ਸੜਕਾਂ ਦੀ ਮੁਰੰਮਤ, ਖ਼ਰਾਬ ਸਟਰੀਟ ਲਾਈਟਾਂ ਦੀ ਤਬਦੀਲੀ ਅਤੇ ਪਾਰਕਾਂ ਤੇ ਕਮਿਊਨਿਟੀ ਸੈਂਟਰਾਂ ਦੀ ਸਾਂਭ-ਸੰਭਾਲ ਵੱਲ ਧਿਆਨ ਦੇਣ ਦੀ ਮੰਗ ਕੀਤੀ। ਇਸੇ ਤਰ੍ਹਾਂ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਨੇ ਬਾਜ਼ਾਰਾਂ ਦੀ ਸਫ਼ਾਈ, ਪਾਰਕਿੰਗ, ਜਨਤਕ ਸਹੂਲਤਾਂ ਅਤੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨ ਦੀ ਲੋੜ ਉਭਾਰੀ, ਜਦਕਿ ਪਿੰਡਾਂ ਦੇ ਵਸਨੀਕਾਂ ਨੇ ਸੜਕਾਂ, ਸੀਵਰੇਜ, ਸਟਰੀਟ ਲਾਈਟਾਂ ਅਤੇ ਕੂੜਾ ਚੁਕਾਈ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਮੰਗ ਕੀਤੀ। ਮੇਅਰ ਸੌਰਭ ਜੋਸ਼ੀ ਨੇ ਕਈ ਮਾਮਲਿਆਂ ’ਚ ਮੌਕੇ ’ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ, ਜਿਨ੍ਹਾਂ ਮਾਮਲਿਆਂ ਦਾ ਤੁਰੰਤ ਨਿਪਟਾਰਾ ਸੰਭਵ ਨਹੀਂ ਸੀ, ਉਨ੍ਹਾਂ ਨੂੰ ਸਬੰਧਿਤ ਵਿਭਾਗਾਂ ਕੋਲ ਭੇਜਦਿਆਂ ਸਮੇਂਬੱਧ ਢੰਗ ਨਾਲ ਹੱਲ ਕਰਨ ਲਈ ਕਿਹਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਸ਼ਿਕਾਇਤਕਰਤਾਵਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਅਤੇ ਹਰ ਮਾਮਲੇ ਦੀ ਪ੍ਰਗਤੀ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਉਣ ਦੀਆਂ ਵੀ ਹਦਾਇਤਾਂ ਦਿੱਤੀਆਂ। ਮੇਅਰ ਜੋਸ਼ੀ ਨੇ ਕਿਹਾ ਕਿ ਜਨਤਾ ਦਰਬਾਰ ਨਗਰ ਨਿਗਮ ਅਤੇ ਲੋਕਾਂ ਵਿਚਕਾਰ ਸਿੱਧੇ ਗੱਲਬਾਤ ਦਾ ਪ੍ਰਭਾਵਸ਼ਾਲੀ ਮਾਧਿਅਮ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਰ ਜਾਇਜ਼ ਸ਼ਿਕਾਇਤ ਦਾ ਸਮੇਂ ਸਿਰ ਨਿਪਟਾਰਾ ਕਰਨਾ ਨਿਗਮ ਦੀ ਪਹਿਲੀ ਤਰਜੀਹ ਹੈ ਅਤੇ ਲੋਕਾਂ ਦਾ ਭਰੋਸਾ ਕਾਇਮ ਰੱਖਣ ਲਈ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ, ਪਿੰਡ ਕਮੇਟੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਸਾਫ਼-ਸੁਥਰੇ, ਹਰਿਆ-ਭਰਿਆ ਅਤੇ ਵਿਕਸਤ ਚੰਡੀਗੜ੍ਹ ਦੇ ਨਿਰਮਾਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ। ਜਨਤਾ ਦਰਬਾਰ ਵਿਚ ਸ਼ਾਮਲ ਲੋਕਾਂ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੇਅਰ ਵਲੋਂ ਹਰ ਵਿਅਕਤੀ ਦੀ ਗੱਲ ਹਲੀਮੀ ਨਾਲ ਸੁਣਨ ਅਤੇ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਨਾਲ ਲੋਕਾਂ ਦਾ ਨਗਰ ਨਿਗਮ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀ ਦੀ ਸੋਧ ਦੌਰਾਨ ਕਿਸੇ ਯੋਗ ਵੋਟਰ ਨਾਲ ਨਹੀਂ ਹੋਵੇਗੀ ਬੇਇਨਸਾਫ਼ੀ-ਡੀ. ਸੀ. ਨਿਸ਼ਾਂਤ ਕੁਮਾਰ ਯਾਦਵ ਅਗਲੀ ਖ਼ਬਰ ਏ. ਬੀ. ਵੀ. ਪੀ. ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਦਾ ਪੁਤਲਾ ਸਾੜਿਆ
Ad Position 24
No active advertisement