ਚੰਡੀਗੜ੍ਹ, 30 ਜੁਲਾਈ (ਕਪਿਲ ਵਧਵਾ)-ਚੰਡੀਗੜ੍ਹ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਕ੍ਰੈਡਿਟ ਕਾਰਡ ਅਪਗ੍ਰੇਡ ਦੇ ਨਾਂ ‘ਤੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਵਾਲੇ ਗਰੋਹਾਂ ਖ਼ਿਲਾਫ਼ ਦੋ ਵੱਖ-ਵੱਖ ਕਾਰਵਾਈਆਂ ਕਰਦਿਆਂ ਦਿੱਲੀ ਦੇ ਬੁਰਾਰੀ ਇਲਾਕੇ ਤੋਂ ਇਕ ਗਰੋਹ ਦੇ ਸਰਗਨਾ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਦੂਜੇ ਮਾਮਲੇ ਵਿਚ ਦੋ ਮਹਿਲਾਵਾਂ ਨੂੰ ਵੀ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿਚ ਸਾਈਬਰ ਕ੍ਰਾਈਮ ਥਾਣੇ ਵਿਚ 26 ਦਸੰਬਰ 2025 ਨੂੰ ਦਰਜ ਐੱਫ.ਆਈ.ਆਰ ਦੀ ਜਾਂਚ ਦੌਰਾਨ ਪੁਲਿਸ ਨੇ ਇਸ ਗਰੋਹ ਦੇ ਕਥਿਤ ਸਰਗਨਾ ਅਜੈ ਸਿੰਘ ਉਰਫ਼ ਅਜੈ ਸਿੰਘ ਮਾਨ (43) ਵਾਸੀ ਬੁਰਾਰੀ, ਦਿੱਲੀ ਨੂੰ 29 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਇਸ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਗਿਣਤੀ ਪੰਜ ਹੋ ਗਈ ਹੈ। ਪੁਲਿਸ ਅਨੁਸਾਰ ਸੈਕਟਰ-45 ਦੇ ਇਕ ਵਿਅਕਤੀ ਨਾਲ ਅਮਰੀਕਨ ਐਕਸਪ੍ਰੈਸ ਦੇ ਨੁਮਾਇੰਦੇ ਬਣ ਕੇ ਐੱਸ.ਬੀ.ਆਈ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਦਾ ਝਾਂਸਾ ਦਿੱਤਾ ਗਿਆ ਸੀ। ਵਾਟਸਐਪ ਰਾਹੀਂ ਜਾਅਲੀ ਲਿੰਕ ਭੇਜ ਕੇ ਕਰੀਬ 1.73 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ। ਜਾਂਚ ਦੌਰਾਨ ਪਹਿਲਾਂ ਤਿੰਨ ਮਹਿਲਾਵਾਂ ਅਤੇ ਇਕ ਹੋਰ ਮੁਲਜ਼ਮ ਸੁਸ਼ੀਲ ਕੌਸ਼ਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਗਰੋਹ ਦੇ ਮੁੱਖ ਸਰਗਨਾ ਅਜੈ ਸਿੰਘ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੀੜਤ ਨਾਲ ਕਰੀਬ 1.92 ਲੱਖ ਰੁਪਏ ਦੀ ਠੱਗੀ ਕੀਤੀ ਗਈ ਸੀ, ਜਦਕਿ 33 ਹਜ਼ਾਰ ਰੁਪਏ ਦੇ ਸੋਨੇ ਦੇ ਸਿੱਕੇ ਖਰੀਦਣ ਦੀ ਕੋਸ਼ਿਸ਼ ਸਮੇਂ ਸਿਰ ਨਾਕਾਮ ਕਰ ਦਿੱਤੀ ਗਈ। ਛਾਪੇ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ 10 ਮੋਬਾਈਲ ਫੋਨ ਅਤੇ ਕਈ ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਇਕ ਮਹਿਲਾ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ, ਜਦਕਿ ਦੂਜੀ ਪੁਲਿਸ ਰਿਮਾਂਡ ‘ਤੇ ਹੈ। ਪੁਲਿਸ ਗਰੋਹ ਦੇ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ।