ਡੇਰਾਬੱਸੀ, 30 ਜੁਲਾਈ (ਗੁਰਮੀਤ ਸਿੰਘ)-ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਮੁੱਖ ਸਿਆਸੀ ਸਲਾਹਕਾਰ ਰਾਹੁਲ ਕੌਸ਼ਿਕ ਮੁਬਾਰਿਕਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਸੂਬੇ ‘ਚ ਵਿਕਾਸ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦਿਆਂ ਲੋਕ ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਰਾਹੁਲ ਕੌਸ਼ਿਕ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ‘ਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹਲਕੇ ‘ਚ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਦਾ ਨਿਰਮਾਣ, ਗਲੀਆਂ-ਨਾਲੀਆਂ ਦਾ ਸੁਧਾਰ, ਸੀਵਰੇਜ ਪ੍ਰਬੰਧ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ, ਸਟਰੀਟ ਲਾਈਟਾਂ, ਪਾਰਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਕੰਮ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਦੇ ਖੇਤਰ ‘ਚ ਵੀ ਸਰਕਾਰ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਦਾ ਵਿਕਾਸ ਹੀ ਵਿਧਾਇਕ ਰੰਧਾਵਾ ਦੀ ਮੁੱਖ ਤਰਜੀਹ ਹੈ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਨਵ-ਨਿਯੁਕਤ ਮੁੱਖ ਸਿਆਸੀ ਸਲਾਹਕਾਰ ਰਾਹੁਲ ਕੌਸ਼ਿਕ ਨੂੰ ਦਫ਼ਤਰ ਵਿਚ ਕੁਰਸੀ ‘ਤੇ ਬਿਠਾਇਆ ਤੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ, ਨਗਰ ਕੌਂਸਲ ਡੇਰਾਬੱਸੀ ਦੀ ਪ੍ਰਧਾਨ ਆਸ਼ੂ ਉਪਨੇਜਾ, ਸੀਨੀਅਰ ਆਗੂ ਕੁਲਦੀਪ ਸਿੰਘ ਰੰਗੀ ਤੇ ਨਰੇਸ਼ ਉਪਨੇਜਾ ਡੇਰਾਬੱਸੀ ਆਦਿ ਹਾਜ਼ਰ ਸਨ।