ਐੱਸ. ਏ. ਐੱਸ. ਨਗਰ, 5 ਸਤੰਬਰ (ਕਪਿਲ ਵਧਵਾ)-ਪੁਰਾਣੀ ਕਰੰਸੀ ਦੇ ਬਦਲੇ ਵੱਧ ਪੈਸੇ ਦੇਣ ਦਾ ਝਾਂਸਾ ਦੇ ਕੇ ਇਕ 60 ਸਾਲਾ ਵਿਅਕਤੀ ਨਾਲ 3 ਲੱਖ 78 ਹਜ਼ਾਰ 487 ਰੁ. ਦੀ ਆਨਲਾਈਨ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਥਾਣਾ ਸਾਈਬਰ ਕ੍ਰਾਈਮ ਸੈਕਟਰ-79 ਮੁਹਾਲੀ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਬੀ. ਐੱਨ. ਐੱਸ. ਦੀ ਧਾਰਾ 318 (4) ਅਤੇ ਆਈ. ਟੀ. ਐਕਟ ਦੀ ਧਾਰਾ 66 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਅਮਨ ਇਨਕਲੇਵ ਦੇ ਰਹਿਣ ਵਾਲੇ ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ 19 ਅਗਸਤ ਨੂੰ ਸੋਸ਼ਲ ਮੀਡੀਆ ‘ਤੇ ਪੁਰਾਣੀ ਕਰੰਸੀ ਦੇ ਬਦਲੇ ਵੱਧ ਪੈਸੇ ਦੇਣ ਸੰਬੰਧੀ ਇਕ ਵੀਡੀਓ ਦੇਖੀ ਸੀ। ਵੀਡੀਓ ‘ਤੇ ਭਰੋਸਾ ਕਰਦਿਆਂ ਉਸ ਨੇ ‘ਰਾਜ ਗਿਆਨੀ ਓਲਡ ਕੰਪਨੀ’ ਦੇ ਮਾਲਕ ਦੱਸੇ ਜਾ ਰਹੇ ਰਾਜ ਗਿਆਨੀ ਨਾਲ ਸੰਪਰਕ ਕੀਤਾ। ਸ਼ਿਕਾਇਤਕਰਤਾ ਨੇ ਪੁਰਾਣੀ ਕਰੰਸੀ ਅਤੇ ਸਿੱਕਿਆਂ ਦੀਆਂ ਤਸਵੀਰਾਂ ਵੀ ਉਸ ਨੂੰ ਭੇਜੀਆਂ। ਸ਼ਿਕਾਇਤ ਅਨੁਸਾਰ ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਤੋਂ ਆਧਾਰ ਕਾਰਡ ਅਤੇ ਫੋਟੋ ਮੰਗੀ, ਜੋ ਕਿ ਉਸ ਨੇ ਵਟਸਐਪ ਰਾਹੀਂ ਭੇਜ ਦਿੱਤੀ। ਇਸ ਉਪਰੰਤ ਵੱਖ-ਵੱਖ ਮਿਤੀਆਂ ਦੌਰਾਨ ਉਸ ਨੂੰ ਦਿੱਤੇ ਗਏ ਕਿਊ. ਆਰ. ਸਕੈਨਰ ਕੋਡ ਰਾਹੀਂ ਆਪਣੇ ਤਿੰਨ ਬੈਂਕ ਖਾਤਿਆਂ ਤੋਂ ਕੁੱਲ 3,78,487 ਰੁ. ਟਰਾਂਸਫਰ ਕੀਤੇ ਗਏ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਨਾਲ ਵੱਖ-ਵੱਖ ਮੋਬਾਈਲ ਨੰਬਰਾਂ ਰਾਹੀਂ ਸੰਪਰਕ ਕੀਤਾ ਜਾਂਦਾ ਰਿਹਾ। ਜਦੋਂ ਉਸ ਨੇ ਆਪਣੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਕਥਿਤ ਤੌਰ ‘ਤੇ ਉਸ ਤੋਂ ਹੋਰ 1,22,980 ਰੁ. ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਅਣਪਛਾਤੇ ਵਿਅਕਤੀਆਂ ਨੇ ਗ਼ਲਤ ਨਾਂਅ ਅਤੇ ਪਤਾ ਦੱਸ ਕੇ ਉਸ ਨਾਲ ਠੱਗੀ ਕੀਤੀ ਹੈ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਦੀ ਆਨਲਾਈਨ ਦਰਖਾਸਤ ‘ਤੇ ਪਹਿਲਾਂ ਹੀ ਈ-ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਪੁਲਿਸ ਵਲੋਂ ਪੀੜਤ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਪਛਾਣ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਮੋਬਾਈਲ ਨੰਬਰਾਂ ਅਤੇ ਪੈਸਿਆਂ ਦੇ ਲੈਣ-ਦੇਣ ਸਮੇਤ ਹੋਰ ਤਕਨੀਕੀ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।