ਮਨੀਮਾਜਰਾ ਦੀ ਫਾਰਮਾਸਿਊਟੀਕਲ ਕੰਪਨੀ ਨਾਲ 1.96 ਕਰੋੜ ਦੀ ਸਾਈਬਰ ਠੱਗੀ ’ ਚ 3 ਹੋਰ ਮੁਲਜ਼ਮ ਗ੍ਰਿਫ਼ਤਾਰ
ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)- ਮਨੀਮਾਜਰਾ ਆਧਾਰਤ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਵਾਟਸਐਪ ਰਾਹੀਂ ਕੰਪਨੀ ਦੇ ਐੱਮ. ਡੀ.
ਚੰਡੀਗੜ੍ਹ, 19 ਸਤੰਬਰ (ਕਪਿਲ ਵਧਵਾ)- ਮਨੀਮਾਜਰਾ ਆਧਾਰਤ ਇਕ ਫਾਰਮਾਸਿਊਟੀਕਲ ਕੰਪਨੀ ਨਾਲ ਵਾਟਸਐਪ ਰਾਹੀਂ ਕੰਪਨੀ ਦੇ ਐੱਮ.ਡੀ. ਦੀ ਪਛਾਣ ਬਣਾ ਕੇ 1.96 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ’ਚ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ 3 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅੰਕਿਤ ਕੁਮਾਰ, ਉੱਜਵਲ ਤਿਆਗੀ ਅਤੇ ਨਿਤੇਸ਼ ਵਜੋਂ ਹੋਈ ਹੈ। ਇਸ ਮਾਮਲੇ ’ਚ ਇਸ ਤੋਂ ਪਹਿਲਾਂ 17 ਅਗਸਤ ਨੂੰ ਦਿਨੇਸ਼ ਭਾਟੀ ਉਰਫ਼ ਅਰਵਿੰਦ ਚੌਧਰੀ ਅਤੇ ਕੁਲਦੀਪ ਉਰਫ਼ ਬੰਟੂ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਬੰਧੀ ਸਾਈਬਰ ਕ੍ਰਾਈਮ ਥਾਣੇ ’ਚ 17 ਅਪ੍ਰੈਲ 2026 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਕੰਪਨੀ ਦੇ ਅਕਾਉਂਟ ਅਧਿਕਾਰੀ ਮਹਿਲਾ ਨੂੰ ਵਾਟਸਐਪ ’ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਤਸਵੀਰ ਵਾਲੇ ਪ੍ਰੋਫਾਈਲ ਤੋਂ ਸੰਪਰਕ ਕੀਤਾ ਗਿਆ ਅਤੇ ਉਸ ਨੂੰ ਇਕ ਬੈਂਕ ਖਾਤੇ ’ਚ 1.96 ਕਰੋੜ ਰੁਪਏ ਟਰਾਂਸਫ਼ਰ ਕਰਨ ਲਈ ਕਿਹਾ ਗਿਆ। ਇਸ ਤਰ੍ਹਾਂ ਕੰਪਨੀ ਦੇ ਖਾਤੇ ’ਚੋਂ ਰਕਮ ਟਰਾਂਸਫ਼ਰ ਕਰਵਾ ਲਈ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅੰਕਿਤ ਕੁਮਾਰ ਨੇ ਕਥਿਤ ਤੌਰ ’ਤੇ ਆਪਣਾ ਬੈਂਕ ਖਾਤਾ ਠੱਗਾਂ ਨੂੰ ਮੁਹੱਈਆ ਕਰਵਾਇਆ, ਜਿਸ ’ਚੋਂ 3.50 ਲੱਖ ਰੁਪਏ ਕਢਵਾ ਕੇ ਕਮਿਸ਼ਨ ਦੇ ਬਦਲੇ ਠੱਗਾਂ ਨੂੰ ਦਿੱਤੇ ਗਏ। ਉੱਜਵਲ ਤਿਆਗੀ ਅਤੇ ਨਿਤੇਸ਼ ’ਤੇ ਵੀ ਬੈਂਕ ਖਾਤੇ ਮੁਹੱਈਆ ਕਰਵਾਉਣ ਅਤੇ ਰਕਮ ਕਢਵਾ ਕੇ ਠੱਗਾਂ ਤੱਕ ਪਹੁੰਚਾਉਣ ’ਚ ਭੂਮਿਕਾ ਨਿਭਾਉਣ ਦੇ ਦੋਸ਼ ਹਨ। ਪੁਲਿਸ ਨੇ ਮੁਲਜ਼ਮਾਂ ਕੋਲੋਂ 3 ਮੋਬਾਈਲ ਫ਼ੋਨ, 3 ਸਿਮ ਕਾਰਡ, ਇਕ ਚੈੱਕ ਬੁੱਕ, ਇਕ ਪਾਸ-ਬੁੱਕ ਅਤੇ ਇਕ ਡੈਬਿਟ ਕਾਰਡ ਬਰਾਮਦ ਕੀਤਾ ਹੈ। ਮੋਬਾਈਲ ਫੋਨਾਂ ਦੀ ਜਾਂਚ ਦੌਰਾਨ ਵਾਟਸਐਪ ਚੈਟ ਅਤੇ ਹੋਰ ਡਿਜੀਟਲ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ।