22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪਿੰਡ ਜੁਝਾਰ ਨਗਰ ਦੇ ਲੋਕਾਂ ਨੂੰ ਨਾਜਾਇਜ਼ ਪਾਣੀ ਦੇ ਬਿੱਲ ਭੇਜੇ ਜਾਣ ਖ਼ਿਲਾਫ਼ ਸਿੱਧੂ ਨੇ ਬੁਲੰਦ ਕੀਤੀ ਆਵਾਜ਼ ਕਿਹਾ, ਸਰਕਾਰੀ ਫ਼ੀਸ ਸਿਰਫ਼ 150 ਰੁ. ਤਾਂ ਫ਼ਿਰ ਪੰਚਾਇਤ ਵਲੋਂ ਕਿਉਂ ਵਸੂਲੇ ਜਾ ਰਹੇ ਨੇ ਹਜ਼ਾਰਾਂ

ਐੱਸ. ਏ.

Ad Position 21
No active advertisement
ਪਿੰਡ ਜੁਝਾਰ ਨਗਰ ਦੇ ਲੋਕਾਂ ਨੂੰ ਭੇਜੇ ਗਏ ਪਾਣੀ ਦੇ ਨਾਜਾਇਜ਼ ਬਿੱਲਾਂ ਦੇ ਮਾਮਲੇ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ। ਅਜੀਤ ਤਸਵੀਰ 23-09-2026
ਐੱਸ. ਏ. ਐੱਸ. ਨਗਰ, 22 ਸਤੰਬਰ (ਪ੍ਰੋ. ਅਵਤਾਰ ਸਿੰਘ)-ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਪਿੰਡ ਜੁਝਾਰ ਨਗਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਾਂਅ ‘ਤੇ ਭੇਜੇ ਜਾ ਰਹੇ ਨਾਜਾਇਜ਼ ਬਿੱਲਾਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਜਾਇਜ਼ ਆਧਾਰ ਦੇ ਹਜ਼ਾਰਾਂ ਰੁ. ਦੇ ਬਿੱਲ ਭੇਜਣਾ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪਾਣੀ ਵਰਗੀ ਬੁਨਿਆਦੀ ਸਹੂਲਤ ਨੂੰ ਲੋਕਾਂ ਦੀਆਂ ਜੇਬਾਂ ‘ਤੇ ਵਾਧੂ ਬੋਝ ਪਾਉਣ ਦਾ ਸਾਧਨ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਪਿੰਡ ਜੁਝਾਰ ਨਗਰ ਦੇ 500 ਤੋਂ ਵੱਧ ਪਰਿਵਾਰਾਂ ਨੂੰ 5,000 ਰੁ. ਤੋਂ ਲੈ ਕੇ 8,000 ਰੁ. ਤੱਕ ਦੇ ਪਾਣੀ ਦੇ ਨਾਜਾਇਜ਼ ਬਿੱਲ ਭੇਜੇ ਗਏ ਹਨ, ਜਦਕਿ ਇਹ ਬਿੱਲ ਕਿਸੇ ਸਰਕਾਰੀ ਵਿਭਾਗ ਵਲੋਂ ਜਾਰੀ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੰਚਾਇਤ ਅਤੇ ਸਰਪੰਚ ਵਲੋਂ ਆਪਣੇ ਪੱਧਰ ‘ਤੇ ਹੀ ਗ੍ਰਾਮ ਪੰਚਾਇਤ ਅਤੇ ਵਾਟਰ ਸਪਲਾਈ ਸੈਨੀਟੇਸ਼ਨ ਕਮੇਟੀ ਬਣਾ ਕੇ ਪੁਰਾਣੇ ਬਕਾਏ ਦੀ ਵਸੂਲੀ ਦੇ ਨਾਂਅ ‘ਤੇ ਇਹ ਨਾਜਾਇਜ਼ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਫ਼ੀਸ ਜਨਰਲ ਵਰਗ ਲਈ 150 ਰੁ. ਅਤੇ ਐੱਸ. ਸੀ. ਵਰਗ ਲਈ 75 ਰੁ. ਹੈ, ਜਦਕਿ ਮੌਜੂਦਾ ਪੰਚਾਇਤ ਨੂੰ ਵਾਟਰ ਸਪਲਾਈ ਡਿਸਟ੍ਰੀਬਿਊਸ਼ਨ ਦਾ ਚਾਰਜ ਮਿਲੇ ਨੂੰ ਹਾਲੇ 2 ਮਹੀਨੇ ਹੀ ਹੋਏ ਹਨ, ਪਰ ਫ਼ਿਰ ਵੀ ਉਹ ਬਕਾਏ ਦੇ ਨਾਂਅ ਉੱਤੇ ਆਪਣੇ ਪੱਧਰ ‘ਤੇ ਹੀ ਹਜ਼ਾਰਾਂ ਰੁ. ਮੰਗ ਰਹੀ ਹੈ। ਇਥੇ ਹੀ ਬਸ ਨਹੀਂ ਗ਼ੈਰ-ਕਾਨੂੰਨੀ ਤੌਰ ‘ਤੇ ਕੁਲੈਕਸ਼ਨ ਇੰਚਾਰਜ ਸਰਪੰਚ ਨੇ ਆਪਣਾ ਪਿਓ ਨੂੰ ਬਣਾਇਆ ਹੋਇਆ ਹੈ, ਜੋ ਕਿ 4 ਫ਼ੀਸਦੀ ਟੈਕਸ ਵੱਖਰਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਇਸ ਮਾਮਲੇ ਸੰਬੰਧੀ ਸੰਬੰਧਿਤ ਐਕਸੀਅਨ ਨਾਲ ਵੀ ਗੱਲ ਕੀਤੀ ਹੈ। ਸਿੱਧੂ ਅਨੁਸਾਰ ਐਕਸੀਅਨ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਵਲੋਂ ਨਾ ਤਾਂ ਕੋਈ ਪੁਰਾਣਾ ਬਕਾਇਆ ਦੱਸਿਆ ਗਿਆ ਹੈ ਅਤੇ ਨਾ ਹੀ ਅਜਿਹੇ ਕੋਈ ਬਿੱਲ ਜਾਰੀ ਕੀਤੇ ਗਏ ਹਨ। ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰੀ ਵਿਭਾਗ ਵਲੋਂ ਕੋਈ ਬਿੱਲ ਜਾਰੀ ਨਹੀਂ ਕੀਤਾ ਗਿਆ ਤਾਂ ਫਿਰ ਪਿੰਡ ਦੇ 500 ਤੋਂ ਵੱਧ ਪਰਿਵਾਰਾਂ ਨੂੰ ਹਜ਼ਾਰਾਂ ਰੁ. ਦੇ ਇਹ ਬਿੱਲ ਕਿਸ ਅਧਿਕਾਰ ਅਤੇ ਕਿਸ ਆਧਾਰ ‘ਤੇ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਰਾਣਾ ਬਕਾਇਆ ਵੀ ਪਹਿਲਾਂ ਤੋਂ ਜ਼ੀਰੋ ਹੈ ਤਾਂ ਫ਼ਿਰ ਇੰਨੀ ਰਕਮ ਦੇ ਬਿੱਲ ਵਸੂਲਣਾ ਨਾਜਾਇਜ਼ ਹੈ। ਸਾਬਕਾ ਮੰਤਰੀ ਸਿੱਧੂ ਨੇ ਹਲਕਾ ਵਿਧਾਇਕ ‘ਤੇ ਵੀ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਪਹਿਲਾਂ ਪਿੰਡ ਜੁਝਾਰ ਨਗਰ ਵਿਖੇ ਧੱਕੇਸ਼ਾਹੀ ਕਰਦਿਆਂ ਸਿਆਸੀ ਦਖ਼ਲਅੰਦਾਜ਼ੀ ਰਾਹੀਂ ਆਪਣਾ ਸਰਪੰਚ ਬਣਾਇਆ ਅਤੇ ਹੁਣ ਉਸੇ ਸਰਪੰਚ ਨਾਲ ਮਿਲੀਭੁਗਤ ਕਰਕੇ ਪਿੰਡ ਦੇ ਲੋਕਾਂ ਨੂੰ ਪਾਣੀ ਦੇ ਨਾਜਾਇਜ਼ ਬਿੱਲ ਭੇਜ ਕੇ ਆਰਥਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਬਿੱਲਾਂ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੀਆਂ ਜੇਬਾਂ ‘ਤੇ ਬੋਝ ਪਾਉਣ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਵਿਧਾਇਕ ਅਤੇ ਪੰਚਾਇਤ ਦੀ ਮਿਲੀਭੁਗਤ ਨਹੀਂ ਹੈ ਤਾਂ ਫਿਰ ਲੋਕਾਂ ਨੂੰ ਭੇਜੇ ਜਾ ਰਹੇ ਇਨ੍ਹਾਂ ਹਜ਼ਾਰਾਂ ਰੁ. ਦੇ ਬਿੱਲਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਹੋ ਰਹੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਬਕਾ ਮੰਤਰੀ ਸਿੱਧੂ ਨੇ ਇਹ ਵੀ ਦੋਸ਼ ਲਗਾਇਆ ਕਿ ਜਿਨ੍ਹਾਂ ਲੋਕਾਂ ਵਲੋਂ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਗਿਆ, ਉਨ੍ਹਾਂ ਦੇ ਪਾਣੀ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ ਅਤੇ ਦੁਬਾਰਾ ਕੁਨੈਕਸ਼ਨ ਜੋੜਨ ਲਈ 2500 ਰੁ. ਅਤੇ ਨਵੇਂ ਕੁਨੈਕਸ਼ਨ ਲੈਣ ਲਈ 25 ਹਜ਼ਾਰ ਰੁ. ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਸਾਬਕਾ ਮੰਤਰੀ ਸਿੱਧੂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਭੇਜੇ ਗਏ ਕਥਿਤ ਨਾਜਾਇਜ਼ ਬਿੱਲਾਂ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਜੇਕਰ ਵਸੂਲੀ ਨਿਯਮਾਂ ਦੇ ਉਲਟ ਪਾਈ ਜਾਂਦੀ ਹੈ ਤਾਂ ਲੋਕਾਂ ਤੋਂ ਵਸੂਲ ਕੀਤੀ ਰਕਮ ਵਾਪਸ ਕਰਵਾਈ ਜਾਵੇ ਅਤੇ ਨਾਲ ਹੀ ਕੁਨੈਕਸ਼ਨ ਕੱਟਣ ਅਤੇ ਨਵੇਂ ਕੁਨੈਕਸ਼ਨਾਂ ਲਈ ਵਸੂਲੀ ਗਈ ਰਕਮ ਦੀ ਵੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ‘ਚ ਸਰਪੰਚ ਜਾਂ ਕਿਸੇ ਹੋਰ ਜ਼ਿੰਮੇਵਾਰ ਵਿਅਕਤੀ ਵਲੋਂ ਨਿਯਮਾਂ ਦੀ ਉਲੰਘਣਾ ਜਾਂ ਬੇਨਿਯਮੀਆਂ ਸਾਬਿਤ ਹੁੰਦੀਆਂ ਹਨ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਲੋੜ ਪੈਣ ‘ਤੇ ਸਰਪੰਚ ਨੂੰ ਮੁਅੱਤਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜੁਝਾਰ ਨਗਰ ਦੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਡੱਟ ਕੇ ਲੜਾਈ ਲੜੇਗੀ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ-11 ’ਚ ਆਲ ਇੰਡੀਆ ਰੇਡੀਓ ਪ੍ਰੋਗਰਾਮ ਦੌਰਾਨ ਜਾਗਰੂਕਤਾ ਸੈਸ਼ਨ ਕਰਵਾਇਆ ਅਗਲੀ ਖ਼ਬਰ ਸਮਾਰਟ ਪਾਰਕਿੰਗ ਲਾਗੂ ਹੋਣ ਤੱਕ ਪੁਰਾਣੀਆਂ ਦਰਾਂ ’ ਤੇ ਹੀ ਚੱਲਣਗੀਆਂ ਸੈਕਟਰ 17 ਦੀਆਂ 21 ਪਾਰਕਿੰਗਾਂ ਸਦਨ ਨੇ ਚਾਰ ਸਾਲ...
Ad Position 24