ਐੱਸ. ਐੱਸ. ਏ. ਨਗਰ, 4 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸੈਕਟਰ-70 ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਦੇ ਸਨਮਾਨ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੁਸਾਇਟੀ ਵਲੋਂ ਕੀਤੇ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਬਾਹਰੋਂ ਮਿਲਣ ਵਾਲੇ ਸਨਮਾਨ ਆਪਣੀ ਥਾਂ ’ਤੇ ਹਨ, ਪਰ ਆਪਣੇ ਭਾਈਚਾਰੇ ਅਤੇ ਆਪਣੇ ਇਲਾਕੇ ਦੇ ਲੋਕਾਂ ਵਲੋਂ ਮਿਲਣ ਵਾਲੇ ਮਾਣ-ਸਤਿਕਾਰ ਦੀ ਕੋਈ ਕੀਮਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਸ ਮਾਣ-ਸਤਿਕਾਰ ਲਈ ਉਨ੍ਹਾਂ ਦਾ ਪਰਿਵਾਰ ਸੈਕਟਰ-70 ਦੇ ਵਸਨੀਕਾਂ ਦਾ ਹਮੇਸ਼ਾ ਰਿਣੀ ਰਹੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੇਅਰ ਬਣਨ ਨਾਲ ਸਰਬਜੀਤ ਸਿੰਘ ਸਮਾਣਾ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ ਅਤੇ ਹੁਣ ਉਨ੍ਹਾਂ ਨੂੰ ਪੂਰੇ ਮੁਹਾਲੀ ਨਗਰ ਨਿਗਮ ਦੇ ਖੇਤਰ ਦੇ ਸਰਬਪੱਖੀ ਵਿਕਾਸ ਲਈ ਵੀ ਆਪਣੀ ਭੂਮਿਕਾ ਨਿਭਾਉਣੀ ਹੈ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਸਮਾਣਾ ਵਲੋਂ ਛੋਟੀ ਉਮਰ ਵਿਚ ਲਗਾਤਾਰ ਤੀਜੀ ਵਾਰ ਕੌਂਸਲਰ ਚੁਣੇ ਜਾਣ ਅਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਬਣਨ ’ਤੇ ਉਨ੍ਹਾਂ ਦਾ ਪਰਿਵਾਰ ਮੁਹਾਲੀ ਹਲਕੇ ਦੇ ਲੋਕਾਂ ਦਾ ਹਮੇਸ਼ਾ ਧੰਨਵਾਦੀ ਰਹੇਗਾ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੈਕਟਰ-70 ਵਲੋਂ ਕਰਵਾਏ ਗਏ ਇਸ ਸਨਮਾਨ ਸਮਾਰੋਹ ਦੌਰਾਨ ਰਵੀਦੀਪ ਰਾਣਾ, ਰਾਮਤੇਸ਼ ਸਿੰਘ ਬੈਂਸ ਸੇਵਾਮੁਕਤ ਚੀਫ ਇੰਜੀਨੀਅਰ, ਜਸਪ੍ਰੀਤ ਕੌਰ ਪ੍ਰਿੰਸੀਪਲ ਸਰਕਾਰੀ ਕਾਲਜ ਮੁਹਾਲੀ, ਐਡਵੋਕੇਟ ਟੀ. ਪੀ. ਸਿੰਘ, ਪ੍ਰਿਥੀ ਚੰਦ ਸੇਵਾਮੁਕਤ ਆਈ. ਏ. ਐੱਸ., ਨਿਰਮਲ ਸਿੰਘ ਸੇਵਾਮੁਕਤ ਚੀਫ ਇਲੈਕਟ੍ਰੀਕਲ ਇੰਜੀਨੀਅਰ ਪੰਜਾਬ, ਐਚ. ਪੀ. ਸਿੰਘ ਰਾਇਲ ਪ੍ਰਾਪਰਟੀ, ਐੱਸ. ਐੱਸ. ਘੁੰਮਣ, ਸੇਵਾਮੁਕਤ ਐਕਸੀਅਨ, ਆਰ. ਪੀ. ਸ਼ਰਮਾ ਸੀਨੀਅਰ ਡਿਪਟੀ ਮੇਅਰ, ਹਰਪਾਲ ਸਿੰਘ ਚੰਨਾ ਡਿਪਟੀ ਮੇਅਰ, ਕੁਲਦੀਪ ਸਿੰਘ ਸਮਾਣਾ, ਫੂਲਰਾਜ ਸਿੰਘ ਸਟੇਟ ਅਵਾਰਡੀ, ਰਣਦੀਪ ਸਿੰਘ, ਦਰਸ਼ਨ ਸਿੰਘ, ਸਤਵਿੰਦਰ ਸਿੰਘ, ਤਰਲੋਚਨ ਸਿੰਘ, ਜਸਪਾਲ ਸਿੰਘ, ਗੋਵੀ ਮਾਵੀ ਅਤੇ ਜਗਦੇਵ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।