ਫਲੈਟ ਟਰਾਂਸਫਰ ਮਾਮਲੇ ’ ਚ 3 ਮਹੀਨੇ ਪਹਿਲਾਂ ਦਿੱਤੀ ਸ਼ਿਕਾਇਤ ’ ਤੇ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਖ਼ਰੀਦਦਾਰ ਨਿਰਾਸ਼ ਸੀਨੀਅਰ ਨਾਗਰਿਕਾਂ ਨੇ ਐੱਫ.ਆਈ.ਆਰ. ਦਰਜ ਕਰ ਕੇ ਨਿਰਪੱਖ ਤੇ ਸਮਾਂਬੱਧ ਜਾਂਚ ਦੀ ਕੀਤੀ ਮੰਗ
ਜ਼ੀਰਕਪੁਰ, 8 ਅਕਤੂਬਰ (ਮਨਿੰਦਰ ਸਿੰਘ)-ਪੀਰ ਮੁਛੱਲਾ ਸਥਿਤ ਐੱਮ. ਐੱਸ ਰਾਇਲ ਐਂਪਾਇਰ ਨਾਲ ਸੰਬੰਧਿਤ ਫਲੈਟਾਂ ਦੇ ਕਥਿਤ ਟਰਾਂਸਫਰ ਅਤੇ ਵਿਕਰੀ ਦੇ ਮਾਮਲੇ ਵਿਚ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਫਲੈਟ ਮਾਲਕ ਸੀਨੀਅਰ ਸਿਟੀਜ਼ਨਜ਼ ਨੇ ਸਵਾਲ ਉਠਾਏ ਹਨ।
ਜ਼ੀਰਕਪੁਰ, 8 ਅਕਤੂਬਰ (ਮਨਿੰਦਰ ਸਿੰਘ)-ਪੀਰ ਮੁਛੱਲਾ ਸਥਿਤ ਐੱਮ. ਐੱਸ ਰਾਇਲ ਐਂਪਾਇਰ ਨਾਲ ਸੰਬੰਧਿਤ ਫਲੈਟਾਂ ਦੇ ਕਥਿਤ ਟਰਾਂਸਫਰ ਅਤੇ ਵਿਕਰੀ ਦੇ ਮਾਮਲੇ ਵਿਚ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਫਲੈਟ ਮਾਲਕ ਸੀਨੀਅਰ ਸਿਟੀਜ਼ਨਜ਼ ਨੇ ਸਵਾਲ ਉਠਾਏ ਹਨ। ਪ੍ਰੈੱਸ ਕਲੱਬ ਜ਼ੀਰਕਪੁਰ ਵਿਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਰਾਜਿੰਦਰ ਸਿੰਘ ਬਾਜਵਾ ਖ਼ਰੀਦਦਾਰ ਫਲੈਟ ਨੰ. 304 ਬਲਾਕ-ਸੀ ਅਤੇ ਕ੍ਰਿਸ਼ਨ ਅਵਤਾਰ ਜੋਸ਼ੀ ਖ਼ਰੀਦਦਾਰ ਫਲੈਟ ਨੰ. 303 ਬਲਾਕ-ਐੱਫ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸੰਬੰਧੀ ਲਗਭਗ ਤਿੰਨ ਮਹੀਨੇ ਪਹਿਲਾਂ ਐੱਸ. ਐੱਸ. ਪੀ. ਦਫ਼ਤਰ ਵਿਚ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਪਰ ਅਜੇ ਤੱਕ ਮਾਮਲੇ ਵਿਚ ਉਮੀਦ ਮੁਤਾਬਿਕ ਕਾਰਵਾਈ ਨਹੀਂ ਹੋਈ। ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਉਨ੍ਹਾਂ ਨੇ ਫਲੈਟਾਂ ਦੀ ਪੂਰੀ ਰਕਮ ਅਦਾ ਕੀਤੀ ਅਤੇ ਫਲੈਟ ਵਿਧੀਵਤ ਤੌਰ ’ਤੇ ਉਨ੍ਹਾਂ ਦੇ ਨਾਮ ਅਲਾਟ ਕੀਤੇ ਗਏ ਸਨ। ਇਸ ਦੇ ਬਾਵਜੂਦ ਬਾਅਦ ਵਿਚ ਇਨ੍ਹਾਂ ਫਲੈਟਾਂ ਨੂੰ ਕਥਿਤ ਤੌਰ ’ਤੇ ਤੀਜੀ ਧਿਰ ਨੂੰ ਟਰਾਂਸਫਰ ਜਾਂ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਅਲਾਟਮੈਂਟ ਲੈਟਰ, ਭੁਗਤਾਨ ਰਿਕਾਰਡ, ਐਗਰੀਮੈਂਟ ਅਤੇ ਟਰਾਂਸਫਰ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ ਸਹੀ ਪਾਏ ਜਾਣ ’ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਸ਼ਿਕਾਇਤਕਰਤਾਵਾਂ ਨੇ ਮਾਮਲੇ ਨਾਲ ਜੁੜੀ ਲਗਭਗ 2500 ਗਜ਼ ਜ਼ਮੀਨ ਦੀ ਰਜਿਸਟਰੀ ਦੀ ਵੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇਹ ਜ਼ਮੀਨ 77 ਲੱਖ ਰੁ. ਵਿਚ ਖਰੀਦ ਕੇ ਨਿਕਿਤਾ ਗਰਗ ਦੇ ਨਾਂਅ ਰਜਿਸਟਰ ਕਰਵਾਈ ਗਈ ਅਤੇ ਬਾਅਦ ਵਿਚ ਕਥਿਤ ਤੌਰ ’ਤੇ ਕਰੀਬ 20 ਕਰੋੜ ਰੁ. ਵਿਚ ਵੇਚੀ ਗਈ। ਉਨ੍ਹਾਂ ਕਿਹਾ ਕਿ ਰਜਿਸਟਰੀ, ਮਾਲਕੀ ਅਤੇ ਰੈਵਨਿਊ ਰਿਕਾਰਡ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਇਸ ਮੌਕੇ ਸੰਦੀਪ ਕਟਾਰੀਆ ਤੇ ਸ਼ੀਲ ਕੌਸ਼ਿਕ ਨੇ ਵੀ ਦਸਤਾਵੇਜ਼ਾਂ ਅਤੇ ਫਲੈਟ ਖ਼ਰੀਦਦਾਰਾਂ ਦੇ ਹੱਕਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਨੂੰ ਪਹਿਲਾਂ ਦੋਸ਼ੀ ਠਹਿਰਾਏ ਦਸਤਾਵੇਜ਼ਾਂ ਦੇ ਆਧਾਰ ’ਤੇ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ। ਮਾਮਲੇ ਸੰਬੰਧੀ ਵਾਰ ਵਾਰ ਫੋਨ ਕਰਨ ‘ਤੇ ਬਿਲਡਰ ਨੇ ਫੋਨ ਨਹੀਂ ਚੁੱਕਿਆ।