ਵੋਟ ਚੋਰੀ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਦਾ ਰੋਸ ਪ੍ਰਦਰਸ਼ਨ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਕੀਤੀ ਮੰਗ, ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
ਪੰਚਕੂਲਾ, 8 ਅਕਤੂਬਰ (ਕਪਿਲ)- ਕਥਿਤ ਵੋਟ ਚੋਰੀ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਕਾਂਗਰਸ ਵਲੋਂ ਅੱਜ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪੰਚਕੂਲਾ, 8 ਅਕਤੂਬਰ (ਕਪਿਲ)- ਕਥਿਤ ਵੋਟ ਚੋਰੀ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਕਾਂਗਰਸ ਵਲੋਂ ਅੱਜ ਰਾਜ ਚੋਣ ਕਮਿਸ਼ਨ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਵਿਚ ਹਰਿਆਣਾ ਕਾਂਗਰਸ ਦੇ ਇੰਚਾਰਜ ਸੰਜੇ ਦੱਤ, ਸੂਬਾ ਪ੍ਰਧਾਨ ਰਾਓ ਨਰਿੰਦਰ ਸਿੰਘ, ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਸੁਧਾ ਭਾਰਦਵਾਜ, ਪੰਚਕੂਲਾ ਦੇ ਵਿਧਾਇਕ ਚੰਦਰ ਮੋਹਨ ਅਤੇ ਕਾਲਕਾ ਤੋਂ ਸਾਬਕਾ ਵਿਧਾਇਕ ਪ੍ਰਦੀਪ ਚੌਧਰੀ ਸਮੇਤ ਪਾਰਟੀ ਦੇ ਸੀਨੀਅਰ ਆਗੂ ਤੇ ਵੱਡੀ ਗਿਣਤੀ ਵਿਚ ਵਰਕਰ ਸ਼ਾਮਿਲ ਹੋਏ। ਕਾਂਗਰਸੀ ਆਗੂਆਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਉਨ੍ਹਾਂ ਦਾ ਪੁਤਲਾ ਵੀ ਫੂਕਿਆ। ਆਗੂਆਂ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਉੱਠ ਰਹੇ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦਾ ਚੋਣ ਪ੍ਰਕਿਰਿਆ ਵਿਚ ਭਰੋਸਾ ਕਾਇਮ ਰੱਖਣ ਲਈ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ। ਪ੍ਰਦਰਸ਼ਨ ਦੇ ਮੱਦੇਨਜ਼ਰ ਪੁਲਿਸ ਵਲੋਂ ਰਾਜ ਚੋਣ ਕਮਿਸ਼ਨ ਦਫ਼ਤਰ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਦੇ ਨਾਲ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡ ਲਗਾਏ ਗਏ। ਇਸ ਦੌਰਾਨ ਪੁਲਿਸ ਅਤੇ ਕਾਂਗਰਸੀ ਵਰਕਰਾਂ ਵਿਚਕਾਰ ਅੱਗੇ ਵਧਣ ਨੂੰ ਲੈ ਕੇ ਤਣਾਅ ਦੀ ਸਥਿਤੀ ਵੀ ਬਣੀ ਰਹੀ। ਕਾਂਗਰਸ ਆਗੂਆਂ ਨੇ ਕਿਹਾ ਕਿ ਕਥਿਤ ਵੋਟ ਚੋਰੀ ਦੇ ਦੋਸ਼ਾਂ ਅਤੇ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਦੀ ਮੰਗ ਨੂੰ ਲੈ ਕੇ ਪਾਰਟੀ ਦਾ ਸੰਘਰਸ਼ ਅੱਗੇ ਵੀ ਜਾਰੀ ਰਹੇਗਾ।