ਪੰਚਕੂਲਾ ਵਿਚ ਵੱਡੀ ਵਾਰਦਾਤ ਦੀ ਫਿਰਾਕ ਵਿਚ ਘੁੰਮ ਰਹੇ ਦੋ ਸ਼ੂਟਰਾਂ ਦਾ ਪੁਲਿਸ ਨਾਲ ਮੁਕਾਬਲਾ , ਦੋਵੇਂ ਕਾਬੂ ਮੁਲਜ਼ਮਾਂ ਦੀਆਂ ਲੱਤਾਂ ’ਚ ਲੱਗੀਆਂ ਗੋਲੀਆਂ, ਪੁਲਿਸ ਮੁਲਾਜ਼ਮ ਦੀ ਬੁਲਟਪਰੂਫ਼ ਜੈਕਟ ’ਤੇ ਵੀ ਲੱਗੀ ਗੋਲੀ, ਦੋ ਪਿਸਤੌਲ ਬਰਾਮਦ, ਪ੍ਰਾਪਰਟੀ ਡੀਲਰ ’ਤੇ ਹਮਲੇ ਦੀ ਯੋਜਨਾ ਹੋਣ ਦਾ ਸ਼ੱਕ
ਪੰਚਕੂਲਾ, 13 ਅਕਤੂਬਰ (ਕਪਿਲ)- ਪੰਚਕੂਲਾ ਵਿਚ ਅੱਧੀ ਰਾਤ ਨੂੰ ਤਾਊ ਦੇਵੀ ਲਾਲ ਸਟੇਡੀਅਮ ਨੇੜੇ ਪੁਲਿਸ ਅਤੇ ਦੋ ਸ਼ੱਕੀ ਸ਼ੂਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ, ਜਦਕਿ ਮੁਲਜ਼ਮਾਂ ਵਲੋਂ ਚਲਾਈ ਗਈ ਇਕ ਗੋਲੀ ਪੁਲਿਸ ਮੁਲਾਜ਼ਮ ਦੀ ਬੁਲਟਪਰੂਫ਼ ਜੈਕਟ ਅਤੇ ਦੂਜੀ ਸਰਕਾਰੀ ਗੱਡੀ ਵਿਚ ਲੱਗੀ।
ਪੰਚਕੂਲਾ, 13 ਅਕਤੂਬਰ (ਕਪਿਲ)- ਪੰਚਕੂਲਾ ਵਿਚ ਅੱਧੀ ਰਾਤ ਨੂੰ ਤਾਊ ਦੇਵੀ ਲਾਲ ਸਟੇਡੀਅਮ ਨੇੜੇ ਪੁਲਿਸ ਅਤੇ ਦੋ ਸ਼ੱਕੀ ਸ਼ੂਟਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ, ਜਦਕਿ ਮੁਲਜ਼ਮਾਂ ਵਲੋਂ ਚਲਾਈ ਗਈ ਇਕ ਗੋਲੀ ਪੁਲਿਸ ਮੁਲਾਜ਼ਮ ਦੀ ਬੁਲਟਪਰੂਫ਼ ਜੈਕਟ ਅਤੇ ਦੂਜੀ ਸਰਕਾਰੀ ਗੱਡੀ ਵਿਚ ਲੱਗੀ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰਕੇ ਇਲਾਜ ਲਈ ਸੈਕਟਰ-6 ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਮੌਕੇ ਤੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਡੀ.ਸੀ.ਪੀ. ਕ੍ਰਾਈਮ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਨੌਜਵਾਨ ਪੰਚਕੂਲਾ ਜਾਂ ਟ੍ਰਾਈਸਿਟੀ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਇਸ ਤੋਂ ਬਾਅਦ ਪੁਲਿਸ ਨੇ ਇਲਾਕੇ ਵਿਚ ਨਾਕਾਬੰਦੀ ਕੀਤੀ। ਸੈਕਟਰ-3 ਨੇੜੇ ਬਿਨਾਂ ਨੰਬਰ ਪਲੇਟ ਵਾਲੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ। ਜਦੋਂ ਪੁਲਿਸ ਟੀਮ ਨੇ ਉਨ੍ਹਾਂ ਨੂੰ ਤਾਊ ਦੇਵੀ ਲਾਲ ਸਟੇਡੀਅਮ ਦੇ ਪਿੱਛੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪੁਲਿਸ ’ਤੇ ਜਾਨੋਂ ਮਾਰਨ ਦੀ ਨੀਅਤ ਨਾਲ ਪੰਜ ਗੋਲੀਆਂ ਚਲਾਈਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਦੀਆਂ ਲੱਤਾਂ ਵਿਚ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਜੁਗਰਾਜ ਸਿੰਘ ਵਜੋਂ ਹੋਈ ਹੈ। ਦੋਵੇਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਪੁਲਿਸ ਅਨੁਸਾਰ, ਮੁਲਜ਼ਮਾਂ ਦੇ ਸੰਬੰਧ ਲਾਰੈਂਸ ਬਿਸ਼ਨੋਈ ਅਤੇ ਆਰਜ਼ੂ ਬਿਸ਼ਨੋਈ ਗੈਂਗ ਨਾਲ ਹੋਣ ਦਾ ਸ਼ੱਕ ਹੈ। ਸੂਤਰਾਂ ਅਨੁਸਾਰ, ਦੋਵੇਂ ਸ਼ੂਟਰ ਕਥਿਤ ਤੌਰ ’ਤੇ ਕਿਸੇ ਵੱਡੇ ਪ੍ਰਾਪਰਟੀ ਡੀਲਰ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਸੰਭਾਵਿਤ ਨਿਸ਼ਾਨੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਨੇ ਮਾਮਲੇ ਸੰਬੰਧੀ ਸੈਕਟਰ-20 ਥਾਣੇ ਵਿਚ ਕੇਸ ਦਰਜ ਕਰ ਲਿਆ ਹੈ। ਪੁਲਿਸ ਅਤੇ ਫੋਰੈਂਸਿਕ ਟੀਮ ਵਲੋਂ ਘਟਨਾ ਸਥਾਨ ਤੋਂ ਸਬੂਤ ਇਕੱਠੇ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਉਹ ਕਿਸ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ਅਤੇ ਉਨ੍ਹਾਂ ਦਾ ਅਸਲ ਨਿਸ਼ਾਨਾ ਕੌਣ ਸੀ।