ਐੱਸ. ਏ. ਐੱਸ. ਨਗਰ 18 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਨੇ ਮੁਹਾਲੀ ਹਲਕੇ ਵਿਚ ਨੌਜਵਾਨਾਂ ਨੂੰ ਸੰਗਠਿਤ ਕਰਨ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਯੂਥ ਅਕਾਲੀ ਦਲ (ਬ) ਵਿਚ ਕਈ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ। ਇਨ੍ਹਾਂ ਨਿਯੁਕਤੀਆਂ ਤਹਿਤ ਪਿੰਡ ਚਿੱਲਾ ਦੇ ਗੁਰਸੇਵਕ ਸਿੰਘ ਗਿੱਲ ਨੂੰ ਯੂਥ ਅਕਾਲੀ ਦਲ ਸਰਕਲ ਮਨੌਲੀ ਦਾ ਪ੍ਰਧਾਨ ਤੇ ਤਰਨਜੀਤ ਸਿੰਘ ਮਨੋਲੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਕਰਨਵੀਰ ਸਿੰਘ ਚਿੱਲਾ ਨੂੰ ਜ਼ੋਨਲ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਬੱਬੂ ਮਨੌਲੀ ਅਤੇ ਧਰਮਜੀਤ ਸਿੰਘ ਮਨੌਲੀ ਨੂੰ ਯੂਥ ਅਕਾਲੀ ਦਲ ਹਲਕਾ ਮੁਹਾਲੀ ਵਿਚ ਅਹਿਮ ਅਹੁਦੇ ਸੌਂਪੇ ਗਏ ਹਨ। ਸੰਜੀਵ ਕੁਮਾਰ ਨੂੰ ਜ਼ਿਲ੍ਹਾ ਮੁਹਾਲੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ’ਤੇ ਜ਼ੋਰ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਜਥੇਬੰਦੀ ਦੀ ਤਾਕਤ ਹੁੰਦੇ ਹਨ। ਨਵੀਆਂ ਨਿਯੁਕਤੀਆਂ ਨਾਲ ਮੁਹਾਲੀ ਹਲਕੇ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਆਗੂ ਲੋਕਾਂ ਦੀਆਂ ਸਮੱਸਿਆਵਾਂ ਉਠਾਉਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਕੰਮ ਕਰਨਗੇ। ਨਵ-ਨਿਯੁਕਤ ਆਗੂਆਂ ਨੇ ਪਾਰਟੀ ਹਾਈਕਮਾਂਡ ਅਤੇ ਪਰਵਿੰਦਰ ਸਿੰਘ ਸੋਹਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।