ਘੱਗਰ ਦੇ ਤੇਜ਼ ਵਹਾਅ ਨੇ ਖੋਖਲੀ ਕੀਤੀ ਢਕੌਲੀ-ਮੁਬਾਰਿਕਪੁਰ ਸੜਕ ’ਤੇ ਕਿਸੇ ਸਮੇਂ ਵੀ ਵਾਪਰ ਸਕਦੈ ਵੱਡੇ ਹਾਦਸਾ
ਡੇਰਾਬੱਸੀ, 24 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਢਕੌਲੀ ਨੂੰ ਮੁਬਾਰਿਕਪੁਰ ਨਾਲ ਜੋੜਨ ਵਾਲੀ ਮੁੱਖ ਸੜਕ ‘ਤੇ ਘੱਗਰ ਦਰਿਆ ਉੱਤੇ ਬਣਿਆ ਕਾਜ਼ਵੇਅ (ਨੀਵੀਂ ਪੁਲੀ) ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਘੱਗਰ ਦੇ ਤੇਜ਼ ਵਹਾਅ ਕਾਰਨ ਹੋਈ ਮਿੱਟੀ ਦੀ ਕਟਾਈ ਨੇ ਸੜਕ ਦੇ ਇਕ ਵੱਡੇ ਹਿੱਸੇ ਦੀ ਨੀਂਹ ਖੋਖਲੀ ਕਰ ਦਿੱਤੀ ਹੈ।
ਡੇਰਾਬੱਸੀ, 24 ਅਕਤੂਬਰ (ਰਣਬੀਰ ਸਿੰਘ ਪੜ੍ਹੀ)-ਢਕੌਲੀ ਨੂੰ ਮੁਬਾਰਿਕਪੁਰ ਨਾਲ ਜੋੜਨ ਵਾਲੀ ਮੁੱਖ ਸੜਕ ‘ਤੇ ਘੱਗਰ ਦਰਿਆ ਉੱਤੇ ਬਣਿਆ ਕਾਜ਼ਵੇਅ (ਨੀਵੀਂ ਪੁਲੀ) ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਘੱਗਰ ਦੇ ਤੇਜ਼ ਵਹਾਅ ਕਾਰਨ ਹੋਈ ਮਿੱਟੀ ਦੀ ਕਟਾਈ ਨੇ ਸੜਕ ਦੇ ਇਕ ਵੱਡੇ ਹਿੱਸੇ ਦੀ ਨੀਂਹ ਖੋਖਲੀ ਕਰ ਦਿੱਤੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਉੱਪਰੋਂ ਸੜਕ ਬਿਲਕੁੱਲ ਠੀਕ ਦਿਖਾਈ ਦਿੰਦੀ ਹੈ, ਜਦਕਿ ਹੇਠੋਂ ਮਿੱਟੀ ਖੁਰ ਜਾਣ ਕਾਰਨ ਆਰ. ਸੀ. ਸੀ. ਸਲੇਬ ਦੀ ਪਤਲੀ ਪਰਤ ਹੀ ਦਿਖਾਈ ਦੇ ਰਹੀ ਹੈ। ਅਜਿਹੇ ਹਾਲਾਤ ‘ਚ ਕਿਸੇ ਭਾਰੀ ਵਾਹਨ ਦੇ ਕਾਜ਼ਵੇਅ ਤੋਂ ਗੁਜਰਨ ਮੌਕੇ ਸੜਕ ਧਸਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ਰਾਹੀਂ ਰੋਜ਼ਾਨਾ ਹਜ਼ਾਰਾਂ ਛੋਟੇ-ਵੱਡੇ ਵਾਹਨ ਗੁਜਰਦੇ ਹਨ। ਇਲਾਕਾ ਵਾਸੀਆਂ ਅਨੁਸਾਰ ਭਾਰੀ ਵਾਹਨਾਂ ਦੇ ਗੁਜਰਨ ਮੌਕੇ ਸੜਕ ‘ਚ ਕੰਬਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਜੇਕਰ ਕੋਈ ਵਾਹਨ ਸੜਕ ਦੇ ਕਮਜ਼ੋਰ ਹੋ ਚੁੱਕੇ ਕਿਨਾਰੇ ਵੱਲ ਚਲਾ ਗਿਆ ਤਾਂ ਸੜਕ ਦੇ ਅਚਾਨਕ ਧਸਣ ਕਾਰਨ ਵਾਹਨ ਘੱਗਰ ਦਰਿਆ ‘ਚ ਡਿੱਗ ਸਕਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਬਰਸਾਤੀ ਮੌਸਮ ਦੌਰਾਨ ਹਰ ਸਾਲ ਘੱਗਰ ਦੇ ਪਾਣੀ ਨਾਲ ਕਾਜ਼ਵੇਅ ਦੇ ਕਿਨਾਰਿਆਂ ਦੀ ਮਿੱਟੀ ਖੁਰ ਜਾਂਦੀ ਹੈ, ਪਰ ਸੰਬੰਧਿਤ ਵਿਭਾਗ ਵਲੋਂ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਬਜਾਏ ਮਿੱਟੀ ਨਾਲ ਭਰੀਆਂ ਬੋਰੀਆਂ ਲਗਾ ਕੇ ਆਰਜ਼ੀ ਮੁਰੰਮਤ ਕਰ ਦਿੱਤੀ ਜਾਂਦੀ ਹੈ। ਇਸ ਵਾਰ ਸਥਿਤੀ ਪਹਿਲਾਂ ਨਾਲੋਂ ਵਧੇਰੇ ਚਿੰਤਾਜਨਕ ਬਣੀ ਹੋਈ ਹੈ। ਚਿਤਾਵਨੀ ਬੋਰਡ ਤੇ ਬੈਰੀਕੇਡ ਤੱਕ ਨਹੀਂ ਲਗਾਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਖ਼ਤਰਨਾਕ ਬਣ ਚੁੱਕੇ ਇਸ ਹਿੱਸੇ ਨੇੜੇ ਨਾ ਤਾਂ ਕੋਈ ਚਿਤਾਵਨੀ ਬੋਰਡ ਲਗਾਇਆ ਗਿਆ ਹੈ ਅਤੇ ਨਾ ਹੀ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਲਈ ਬੈਰੀਕੇਡਿੰਗ ਕੀਤੀ ਗਈ ਹੈ। ਰਾਤ ਸਮੇਂ ਇਥੋਂ ਲੰਘਣ ਵਾਲੇ ਦੋ-ਪਹੀਆ ਵਾਹਨ ਚਾਲਕਾਂ ਲਈ ਖ਼ਤਰਾ ਹੋਰ ਵੀ ਵਧ ਜਾਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਜ਼ਵੇਅ ਦੇ ਦੋਵੇਂ ਪਾਸੇ ਮਜ਼ਬੂਤ ਸੁਰੱਖਿਆ ਕੰਧਾਂ ਬਣਾਈਆਂ ਜਾਣ ਅਤੇ ਨਵੇਂ ਪੁਲ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇ। ਤਕਨੀਕੀ ਕਾਰਨਾਂ ਕਰਕੇ ਨਵੇਂ ਪੁਲ ਦੀ ਉਸਾਰੀ ‘ਚ ਹੋਈ ਦੇਰੀ-ਜੇ. ਈ. ਉਧਰ ਸੰਪਰਕ ਕਰਨ ‘ਤੇ ਲੋਕ ਨਿਰਮਾਣ ਵਿਭਾਗ ਦੇ ਜੇ. ਈ. ਗੁਲਾਬ ਸਿੰਘ ਨੇ ਦੱਸਿਆ ਕਿ ਨਵੇਂ ਪੁਲ ਦੀ ਉਸਾਰੀ ਸੰਬੰਧੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਪਰ ਕੁਝ ਤਕਨੀਕੀ ਕਾਰਨਾਂ ਕਰਕੇ ਕੰਮ ਸ਼ੁਰੂ ਕਰਨ ‘ਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਾਜ਼ਵੇਅ ਦੀ ਆਰਜ਼ੀ ਮੁਰੰਮਤ ਕਰਵਾਉਣ ਦੇ ਨਾਲ-ਨਾਲ ਖ਼ਤਰੇ ਵਾਲੀ ਥਾਂ ‘ਤੇ ਚਿਤਾਵਨੀ ਬੋਰਡ ਵੀ ਲਗਾਏ ਜਾਣਗੇ।