ਮਾਨਸਾ/ਝੁਨੀਰ, 24 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ, ਸੰਜੀਵ ਸਿੰਗਲਾ)- ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਾਨਸਾ ਜ਼ਿਲੇ੍ਹ 'ਚ ਸਿਹਤ ਕਾਰਡਾਂ ਦੀ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ | ਕਾਬਲੇ-ਗ਼ੌਰ ਰਹੇ ਇਸ ਬੀਮਾ ਯੋਜਨਾ ਅਧੀਨ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਦੀ ਸਹੂਲਤ ਮਿਲੇਗੀ | ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੇ ਸਿੰਗਲਾ ਦੀ ਅਗਵਾਈ 'ਚ ਜ਼ਿਲ੍ਹਾ ਹਸਪਤਾਲ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਸਬ ਡਵੀਜ਼ਨਲ ਹਸਪਤਾਲ 'ਚ ਕ੍ਰਮਵਾਰ ਵਿਧਾਇਕ ਬੁੱਧ ਰਾਮ ਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ 'ਚ ਕਾਰਡ ਬਣਾਏ ਗਏ | ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ 22 ਜਨਵਰੀ ਨੂੰ ਮੋਹਾਲੀ ਵਿਚ 'ਮੁੱਖ ਮੰਤਰੀ ਸਿਹਤ ਯੋਜਨਾ' ਦੀ ਸ਼ੁਰੂਆਤ ਕੀਤੀ ਹੈ | ਖੋਖਰ ਖ਼ੁਰਦ ਤੇ ਝੁਨੀਰ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਆਮ ਤੇ ਗ਼ਰੀਬ ਪਰਿਵਾਰਾਂ ਨੂੰ ਵੱਡਾ ਫ਼ਾਇਦਾ ਹੋਵੇਗਾ | ਉਨ੍ਹਾਂ ਦੱਸਿਆ ਕਿ ਸਰਕਾਰੀ ਤੇ ਨਾਮਜ਼ਦ ਕੀਤੇ ਪ੍ਰਾਈਵੇਟ ਹਸਪਤਾਲਾਂ 'ਚ ਇਸ ਕਾਰਡ ਤਹਿਤ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ | 2 ਹਜ਼ਾਰ ਤੋਂ ਵਧੇਰੇ ਸਿਹਤ ਸੇਵਾਵਾਂ ਅਤੇ ਵੱਡੇ ਆਪ੍ਰੇਸ਼ਨ ਇਸ ਯੋਜਨਾ ਵਿਚ ਕਵਰ ਹੋਣਗੇ | ਹਰ ਵਰਗ ਦੇ ਨਾਲ ਸਰਕਾਰੀ ਕਰਮਚਾਰੀਆਂ ਨੂੰ ਵੀ ਲਾਭ ਮਿਲੇਗਾ | ਉਨ੍ਹਾਂ ਦੱਸਿਆ ਕਿ ਕਾਰਡ ਯੂਥ ਕੋਆਰਡੀਨੇਟਰਾਂ ਅਤੇ ਸਰਕਾਰੀ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਮੁਫ਼ਤ ਬਣਾਏ ਜਾਣਗੇ | ਦੱਸਣਾ ਬਣਦਾ ਹੈ ਕਿ ਸਿਹਤ ਯੋਜਨਾ ਅਧੀਨ ਆਰਥੋਪੀਡਿਕਸ, ਜਨਰਲ ਮੈਡੀਸਨ, ਕਾਰਡੀਓਲੋਜੀ, ਨਿਊਰੋਲੋਜੀ, ਨੈਫਰੋਲੋਜੀ, ਯੂਰੋਲੋਜੀ, ਓਨਕੋਲੋਜੀ ਸਮੇਤ ਹੋਰ ਵਿਸ਼ੇਸ਼ ਇਲਾਜ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ | ਇਸ ਤੋਂ ਇਲਾਵਾ ਦਿਲ ਨਾਲ ਸਬੰਧਿਤ ਅਤੇ ਕੈਂਸਰ ਦੇ ਇਲਾਜ, ਕਿਡਨੀ ਡਾਇਲੈਸਿਸ ਅਤੇ ਟਰਾਂਸਪਲਾਂਟ, ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ, ਦੁਰਘਟਨਾ ਅਤੇ ਐਮਰਜੈਂਸੀ, ਗੋਡੇ ਅਤੇ ਚੂਲੇ ਦੀਆਂ ਸਰਜਰੀਆਂ, ਮੋਤੀਆਬਿੰਦ ਸਰਜਰੀ ਅਤੇ ਹੋਰ ਇਲਾਜ ਸੇਵਾਵਾਂ ਵੀ ਇਸ ਯੋਜਨਾ 'ਚ ਸ਼ਾਮਿਲ ਹਨ | ਹਸਪਤਾਲ ਦੇ ਖ਼ਰਚਿਆਂ ਦੇ ਨਾਲ-ਨਾਲ ਡਾਇਗਨੌਸਟਿਕ ਸੇਵਾਵਾਂ ਨੂੰ ਵੀ ਇਸ ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ | ਝੁਨੀਰ ਵਿਖੇ ਸਮਾਗਮ ਮੌਕੇ ਗੁਰਸੇਵਕ ਸਿੰਘ ਖਹਿਰਾ, ਸਰਪੰਚ ਜਗਪਾਲ ਸਿੰਘ ਖਹਿਰਾ, ਸੁਖਵਿੰਦਰ ਸਿੰਘ ਖੋਖਰ, ਗੁਰਮੇਲ ਸਿੰਘ ਭੰਮੇ, ਨਿਰਮਲ ਸਿੰਘ ਕਾਲਾ, ਸੁਖਮੰਦਰ ਸਿੰਘ ਰਾਏਪੁਰ, ਨਿਰਮਲ ਸਿੰਘ ਨਿੰਮਾ ਘੁਰਕਣੀ, ਕੁਲਵੰਤ ਸਿੰਘ ਸੰਘਾ, ਗੁਰਮੀਤ ਸਿੰਘ ਫੱਤਾ, ਹਰਵਿੰਦਰ ਸਿੰਘ ਨੰਦਗੜ੍ਹ, ਪੰਕਜ ਗਰਗ ਟਾਟਾ, ਰਸਦੀਪ ਸਿੰਘ ਕੋਟਧਰਮੂ, ਜਸਪਾਲ ਸਿੰਘ, ਭੋਲਾ ਸਿੰਘ ਭੰਮਾ ਆਦਿ ਹਾਜ਼ਰ ਸਨ |