ਤਲਵੰਡੀ ਸਾਬੋ, 5 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਆਰੰਭੀ ਗੁਰਮਤਿ ਪ੍ਰਚੰਡ ਲਹਿਰ ਦੀ ਲੜੀ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅੱਜ ਹਫ਼ਤਾਵਾਰੀ ਗੁਰਮਤਿ ਸਮਾਗਮ ਪੂਰਨ ਸ਼ਰਧਾ ਅਤੇ ਗੁਰਮਰਿਯਾਦਾ ਅਨੁਸਾਰ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਢਾਡੀ ਦਰਬਾਰ ਸਜਾਇਆ ਗਿਆ, ਜਿਸ ਵਿਚ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਬੀਰ-ਰਸੀ ਵਾਰਾਂ ਰਾਹੀਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੋਂ ਸੰਗਤ ਨੂੰ ਜਾਣੂ ਕਰਵਾਇਆ। ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਗਿਆਨੀ ਗੁਰਜੰਟ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਗੁਰਮਤਿ ਫ਼ਲਸਫ਼ੇ ਦੀ ਵਿਆਖਿਆ ਕਰਦਿਆਂ ਸੰਗਤ ਨੂੰ ਗੁਰੂ ਲੜ ਲੱਗਣ ਦਾ ਉਪਦੇਸ਼ ਦਿੱਤਾ। ਉੱਧਰ ਗੁ: ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕਰਵਾਏ ਅੰਮ੍ਰਿਤ ਸੰਚਾਰ ਦੌਰਾਨ 483 ਪ੍ਰਾਣੀਆਂ ਨੇ ਖੰਡੇ-ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨ ਦਾ ਸੁਭਾਗ ਪ੍ਰਾਪਤ ਕੀਤਾ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਅੰਮ੍ਰਿਤ ਅਭਿਲਾਖੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਿੱਖੀ ਰਹਿਤ-ਮਰਿਯਾਦਾ ਵਿਚ ਪਰਪੱਕ ਰਹਿਣ ਲਈ ਪ੍ਰੇਰਨਾ ਕੀਤੀ। ਸਿੰਘ ਸਾਹਿਬ ਨੇ ਇਸ ਮੌਕੇ ਖ਼ਾਲਸਾ ਸਾਜਨਾ ਦਿਹਾੜੇ 'ਵਿਸਾਖੀ' ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ 12 ਤੋਂ 15 ਅਪ੍ਰੈਲ ਤੱਕ ਸਜਾਏ ਜਾਣ ਵਾਲੇ ਗੁਰਮਤਿ ਸਮਾਗਮਾਂ 'ਚ ਸੰਗਤਾਂ ਨੂੰ ਵਧ-ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜੋੜ ਮੇਲ ਦੌਰਾਨ ਤਖਤ ਸਾਹਿਬ ਵਿਖੇ ਦਸਤਾਰਾਂ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ ਜਿਸ ਵਿਚ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਉਣ। ਸਮਾਗਮਾਂ 'ਚ ਹੋਰਨਾਂ ਤੋਂ ਇਲਾਵਾ ਤਖਤ ਸਾਹਿਬ ਦੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਧਰਮ ਪ੍ਰਚਾਰ ਉੱਪ ਦਫਤਰ ਇੰਚਾਰਜ ਭੋਲਾ ਸਿੰਘ, ਗੁਰਸੇਵਕ ਸਿੰਘ ਕਿੰਗਰਾ, ਮਨਦੀਪ ਸਿੰਘ ਮਾਖਾ, ਗੁਰਦੇਵ ਸਿੰਘ ਸੰਧੂ ਆਦਿ ਮੌਜੂਦ ਸਨ।
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ, 483 ਪ੍ਰਾਣੀ ਲੱਗੇ ਗੁਰੂ ਦੇ ਲੜ
ਅਜੀਤ ਡੈਸਕ
06-04-2026