ਜ਼ੀਰਾ, 5 ਅਪ੍ਰੈਲ(ਹਰਜੀਤ ਸਿੰਘ ਗਿੱਲ)-ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਦਾ ਬਿਆਨ ਮੀਡੀਆ ਵਿਚ ਆਇਆ ਸੀ ਜਿਸ ਵਿਚ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਜਥੇ ਨਾਲ ਕਿਸੇ ਇਕੱਲੀ ਬੀਬੀ ਨੂੰ ਨਾ ਜਾਣ ਦੇਣ ਦਾ ਫ਼ੈਸਲਾ ਲਿਆ ਗਿਆ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਗਏ ਇਸ ਫੈਸਲੇ ਦੀ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਮੱਲੇਵਾਲਾ ਨੇ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਇਕ ਬੀਬੀ ਵਲੋਂ ਯਾਤਰਾ ਵਾਲੇ ਜਥੇ ਨਾਲ ਪਾਕਿਸਤਾਨ ਜਾ ਕੇ ਉੱਥੇ ਧਰਮ ਬਦਲੀ ਕਰਕੇ ਇਕ ਮੁਸਲਮਾਨ ਨਾਲ ਨਿਕਾਹ ਕਰਵਾ ਲਿਆ ਸੀ ਜੋ ਕਿ ਬਹੁਤ ਹੀ ਗ਼ਲਤ ਅਤੇ ਸਿੱਖ ਕੌਮ ਲਈ ਨਮੋਸ਼ੀ ਵਾਲੀ ਗੱਲ ਸੀ, ਪਰ ਹਰ ਇਕ ਦੀ ਸੋਚ ਇਕੋ ਜਿਹੀ ਨਹੀਂ ਹੋ ਸਕਦੀ | ਉਨ੍ਹਾਂ ਕਿਹਾ ਕਿ ਕੋਈ ਬੀਬੀ ਵਿਧਵਾ ਵੀ ਹੋ ਸਕਦੀ ਹੈ ਜਾਂ ਕਿਸੇ ਇਕੱਲੀ ਬੀਬੀ ਦੇ ਜਾਣ ਦੀ ਘਰੇਲੂ ਮਜਬੂਰੀ ਵੀ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਖੇ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਦੀ ਹਰ ਇੱਕ ਸਿੱਖ ਦੀ ਦਿਲੀ ਇੱਛਾ ਹੁੰਦੀ ਹੈ ਜਿਸ ਵਿਚ ਭਾਈ ਜਾਂ ਬੀਬੀ ਕੋਈ ਵੀ ਹੋ ਸਕਦਾ ਹੈ | ਉਨ੍ਹਾਂ ਕਿਹਾ ਸਿੱਖ ਕੌਮ ਵਲੋਂ ਵਿੱਛੜ ਚੁੱਕੇ ਗੁਰਧਾਮਾਂ ਦੇ ਖੁੱਲੇ੍ਹ ਦਰਸ਼ਨਾਂ ਲਈ ਬੇਨਤੀ ਵੀ ਰੋਜ਼ਾਨਾ ਅਰਦਾਸ ਵਿਚ ਕੀਤੀ ਜਾਂਦੀ ਹੈ | ਇਸ ਲਈ ਜੇ ਕਰ ਕੋਈ ਸਿੱਖ ਬੀਬੀ ਜਾਂ ਭਾਈ ਇਕੱਲੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਲਈ ਜਾਣਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ | ਜੋਗਿੰਦਰ ਸਿੰਘ ਮੱਲੇਵਾਲਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਅਨੇਕਾਂ ਜਥੇ ਪਾਕਿਸਤਾਨ ਵਿਖੇ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਂਦੇ ਰਹਿ ਹਨ ਪਰ ਹੁਣ ਤੱਕ ਦਾ ਇਹ ਪਹਿਲਾ ਮਸਲਾ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀਆਂ ਭਾਵਨਾਵਾਂ ਦਾ ਦਿਲੋਂ ਸਤਿਕਾਰ ਕਰਦਿਆਂ ਬੀਬੀਆਂ ਨੂੰ ਪਾਕਿਸਤਾਨ ਵਿਖੇ ਨਾ ਜਾਣ ਦੇਣ ਦੀ ਇਜਾਜ਼ਤ ਦਾ ਫ਼ੈਸਲਾ ਵਾਪਸ ਲੈ ਕੇ ਪਾਕਿਸਤਾਨ ਵਿਖੇ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਣ ਦੀ ਖੁੱਲ੍ਹ ਪਹਿਲਾਂ ਦੀ ਤਰ੍ਹਾਂ ਦੇਣੀ ਚਾਹੀਦੀ ਹੈ |