ਬਠਿੰਡਾ, 27 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉਪ-ਪ੍ਰਧਾਨ ਦੀਵਾਨ ਸਿੰਘ ਡਿੱਖ ਨੇ ਕਿਹਾ ਕਿ ਪਾਰਟੀ ਵਲੋਂ ਤਿਆਰ ਕੀਤਾ ਅਕਾਲੀ ਐਲਾਨਨਾਮਾ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਇਕ ਵਿਆਪਕ ਦਸਤਾਵੇਜ਼ ਹੈ, ਜਿਸ ਵਿਚ ਹਰ ਵਰਗ ਨੂੰ ਧਿਆਨ ਵਿਚ ਰੱਖਦਿਆਂ ਸਮਾਜਿਕ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਐਲਾਨਨਾਮਾ ਖੁੱਲ੍ਹਾ ਰੱਖਿਆ ਗਿਆ ਹੈ ਅਤੇ ਲੋਕਾਂ ਤੋਂ ਵੀ ਸੁਝਾਅ ਲਏ ਜਾਣਗੇ, ਤਾਂ ਜੋ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ | ਇਸ ਸੰਦਰਭ ਵਿਚ ਉਨ੍ਹਾਂ ਆਪਣੇ ਵਲੋਂ ਵੀ ਇਕ ਮਹੱਤਵਪੂਰਨ ਸੁਝਾਅ ਪਾਰਟੀ ਅੱਗੇ ਰੱਖਣ ਦੀ ਗੱਲ ਕੀਤੀ, ਜਿਸ ਨੂੰ ਕੋਰ ਕਮੇਟੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ | ਦੀਵਾਨ ਸਿੰਘ ਡਿੱਖ ਨੇ ਕਿਹਾ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਵਿਚ ਹਰ ਸਾਲ ਪਿੰਡ ਪੱਧਰ 'ਤੇ ਵੱਡੇ ਟੂਰਨਾਮੈਂਟ ਕਰਵਾਏ ਜਾਂਦੇ ਹਨ, ਜਿਨ੍ਹਾਂ ਵਿਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਖਿਡਾਰੀ ਮੱਧ ਵਰਗ, ਛੋਟੇ ਕਿਸਾਨਾਂ ਜਾਂ ਆਮ ਪਰਿਵਾਰਾਂ ਨਾਲ ਸਬੰਧਿਤ ਹੁੰਦੇ ਹਨ | ਮੈਚਾਂ ਦੌਰਾਨ ਸੱਟ ਲੱਗਣ ਦੀ ਸਥਿਤੀ ਵਿਚ ਖਿਡਾਰੀਆਂ ਦਾ ਇਲਾਜ ਅਕਸਰ ਪਿੰਡ ਵਾਸੀਆਂ ਵਲੋਂ ਇਕੱਠੇ ਕੀਤੇ ਪੈਸਿਆਂ ਨਾਲ ਕਰਵਾਇਆ ਜਾਂਦਾ ਹੈ, ਜਿਸ ਕਾਰਨ ਕਈ ਖਿਡਾਰੀ ਪੂਰਾ ਇਲਾਜ ਨਹੀਂ ਕਰਵਾ ਸਕਦੇ | ਉਨ੍ਹਾਂ ਪਾਰਟੀ ਤੋਂ ਮੰਗ ਕੀਤੀ ਕਿ ਕਬੱਡੀ ਖਿਡਾਰੀਆਂ ਲਈ ਬੀਮਾ ਯੋਜਨਾ ਲਾਗੂ ਕੀਤੀ ਜਾਵੇ, ਤਾਂ ਜੋ ਸੱਟ ਲੱਗਣ ਦੀ ਸੂਰਤ ਵਿਚ ਖਿਡਾਰੀ ਸਮੇਂ ਸਿਰ ਆਪਣਾ ਇਲਾਜ ਕਰਵਾ ਸਕਣ ਅਤੇ ਆਪਣੀ ਖੇਡ ਨੂੰ ਲਗਾਤਾਰ ਜਾਰੀ ਰੱਖ ਸਕਣ | ਉਨ੍ਹਾਂ ਕਿਹਾ ਕਿ ਇਹ ਮਸਲਾ ਜਲਦ ਹੀ ਪਾਰਟੀ ਦੇ ਉੱਚ ਪੱਧਰ 'ਤੇ ਚਰਚਾ ਲਈ ਲਿਆਂਦਾ ਜਾਵੇ!