ਗੋਨਿਆਣਾ, 27 ਅਪ੍ਰੈਲ (ਲਛਮਣ ਦਾਸ ਗਰਗ)-ਪੰਜਾਬ ਸਰਕਾਰ ਵਲੋਂ ਆਸ਼ਾ ਫੈਸਿਲੀਟੇਟਰ ਅਤੇ ਵਰਕਰ ਦਿਵਸ ਮਨਾਉਣ ਲਈ ਨਿਰਧਾਰਤ ਪ੍ਰੋਗਰਾਮ ਤਹਿਤ ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਂਸ਼ਲ ਦੀਆਂ ਹਦਾਇਤਾਂ ਅਨੁਸਾਰ ਸਮੁਦਾਇਕ ਸਿਹਤ ਕੇਂਦਰ ਗੋਨਿਆਣਾ ਦਿਵਸ ਮਨਾਇਆ ਗਿਆ | ਇਸ ਮੌਕੇ ਇਕੱਤਰ ਆਸ਼ਾ ਫੈਸਿਲੀਟੇਟਰ ਅਤੇ ਆਸ਼ਾ ਵਰਕਰਾਂ ਨੂੰ ਸੰਬੋਧਿਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਜੱਚਾ-ਬੱਚਾ ਦੀ ਸਿਹਤ ਸੰਭਾਲ ਵਿਚ ਆਸ਼ਾ ਵਰਕਰ ਦੀ ਵੱਡੀ ਭੂਮਿਕਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਸ਼ਾ ਦੀ ਮਹੱਤਤਾ ਨੂੰ ਦੇਖਦੇ ਹੋਏ ਹਰ ਸਾਲ ਇਹ ਦਿਵਸ ਮਨਾਉਣ ਦਾ ਸ਼ਲਾਘਾਯੋਗ ਫੈਸਲਾ ਕੀਤਾ ਹੈ, ਜਿਸ ਨਾਲ ਆਸ਼ਾ ਵਰਕਰਾਂ ਦਾ ਮਨੋਬਲ ਹੋਰ ਵਧੇਗਾ | ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਮੌਕ ਸੱਭ ਤੋਂ ਵੱਧ ਕੰਮ ਕਰਨ ਵਾਲੀਆਂ ਚਾਰ ਆਸ਼ਾ ਵਰਕਰਾਂ ਅਤੇ ਉਨ੍ਹਾਂ ਦੀ ਫੈਸਿਲੀਟੇਟਰ ਨੂੰ ਵਿਸ਼ੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਸਨਮਾਨ ਹਾਸਿਲ ਕਰਨ ਵਾਲੀਆਂ ਆਸ਼ਾ ਵਰਕਰਾਂ ਵਿਚ ਪਹਿਲੇ ਸਥਾਨ 'ਤੇ ਭੁਪਿੰਦਰ ਕੌਰ ਪਿੰਡ ਬੁਰਜ ਮਹਿਮਾ ਰਹੀ, ਜਿਸ ਨੇ ਸਾਲ ਇਕ ਲੱਖ 15 ਹਜ਼ਾਰ ਚਾਰ ਸੌ ਸੱਠ ਰੁਪਏ ਦਾ ਇਨਸੈਂਟਿਵ ਪ੍ਰਾਪਤ ਕੀਤਾ | ਇਸ ਤਰ੍ਹਾਂ ਹੀ ਦੂਜੇ ਨੰਬਰ 'ਤੇ ਪਿੰਡ ਵਿਰਕ ਕਲਾਂ ਦੀ ਅਕਵਿੰਦਰ ਕੌਰ ਰਹੀ, ਜਿਸ ਨੇ ਇਕ ਲੱਖ 7 ਹਜ਼ਾਰ 945 ਰੁਪਏ ਇਨਸੈਂਟਿਵ ਪ੍ਰਾਪਤ ਕੀਤਾ | ਉਨ੍ਹਾਂ ਕਿਹਾ ਕਿ ਤੀਜੇ ਨੰਬਰ 'ਤੇ ਪਿੰਡ ਬੁਰਜ ਮਹਿਮਾ ਦੀ ਆਸ਼ਾ ਵਰਕਰ ਸੁਨੀਤਾ ਰਾਣੀ ਰਹੀ, ਜਿਸ ਨੇ ਇਕ ਲੱਖ 3 ਹਜ਼ਾਰ ਇਕ ਸੌ 15 ਰੁਪਏ ਇਨਸੈਂਟਿਵ ਪ੍ਰਾਪਤ ਕੀਤਾ ਜਦਦਕਿ ਚੌਥੇ ਨੰਬਰ 'ਤੇ ਇਕ ਲੱਖ 2 ਹਜ਼ਾਰ 850 ਰਪਏ ਇਨਸੈਂਟਿਵ ਲੈਣ ਵਾਲੀ ਪਿੰਡ ਕਰਮਗੜ੍ਹ ਸਤਰਾਂ ਦੀ ਸੁਖਜੀਤ ਕੌਰ ਰਹੀ | ਉਨ੍ਹਾਂ ਕਿਹਾ ਕਿ ਇਹ ਚਾਰ ਆਸ਼ਾ ਵਰਕਰ ਇਕ ਹੀ ਫੈਸਿਲੀਟੇਟਰ ਕੰਵਲਦੀਪ ਕੌਰ ਦੇ ਸੈਕਟਰ ਦੀਆਂ ਹੋਣ ਕਾਰਨ ਉਸ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਇਨਾਮ ਪ੍ਰਾਪਤ ਕਰਨ ਵਾਲੀਆਂ ਆਸ਼ਾ ਵਰਕਰਾਂ ਵਾਂਗ ਕੰਮ ਕਰਨ ਦੀ ਪ੍ਰੇਰਨਾ ਦਿੱਤੀ |