12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜੋੜ ਮੇਲੇ 'ਤੇ ਵਿਸ਼ੇਸ਼- ਗੁਰੂ ਹਰਿਗੋਬਿੰਦ ਸਾਹਿਬ ਦੇ ਸਿਦਕੀ ਸਿੱਖ ਭਾਈ ਰੂਪ ਚੰਦ

Ad Position 21
No active advertisement
ਅਜੀਤ ਡੈਸਕ 28-04-2026
ਭਾਈਰੂਪਾ, 27 ਅਪ੍ਰੈਲ (ਵਰਿੰਦਰ ਲੱਕੀ)-ਮਹਾਨ ਸਿੱਖ ਸ਼ਖ਼ਸੀਅਤ ਬਾਬਾ ਭਾਈ ਰੂਪ ਚੰਦ ਜੀ ਨੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਤੋਂ ਲੈ ਕੇ ਦਸਮ ਗੁਰੂ ਗੋਬਿੰਦ ਸਿੰਘ ਜੀ ਤੱਕ ਨੇੜਤਾ ਦਾ ਨਿੱਘ ਮਾਣਿਆ | ਗੁਰੂ ਹਰਿਗੋਬਿੰਦ ਜੀ ਨੇ ਇਨ੍ਹਾਂ ਨੂੰ ਆਪਣਾ ਭਾਈ ਹੋਣ ਦਾ ਮਾਣ ਦਿੱਤਾ, ਜਦਿਕ ਦਸਮ ਪਿਤਾ ਨੇ 'ਤੇਰਾ ਘਰ ਸੋ ਮੇਰਾ ਘਰ' ਕਹਿ ਕੇ ਇਨ੍ਹਾਂ ਨੂੰ ਵਡਿਆਈ ਬਖ਼ਸ਼ਿਸ਼ ਕੀਤੀ | ਪਿੰਡ ਵੱਡਾਘਰ (ਮੋਗਾ) ਦੇ ਭਾਈ ਆਕਲ ਦੀ ਲੜਕੀ ਬੀਬੀ ਸੂਰਤੀ ਦਾ ਵਿਆਹ ਪਿੰਡ ਤੁਕਲਾਣੀ ਦੇ ਵਸਨੀਕ ਭਾਈ ਸਾਧੂ ਨਾਲ ਹੋਇਆ, ਤੇ ਘਰ ਭਾਈ ਰੂਪ ਚੰਦ ਜੀ ਦਾ ਜਨਮ ਹੋਇਆ | ਭਾਈ ਸਾਧੂ ਆਪਣੇ ਪੁੱਤਰ ਭਾਈ ਰੂਪ ਚੰਦ ਨਾਲ ਖੇਤਾਂ 'ਚ ਹਾੜ੍ਹੀ ਵੱਢ ਰਹੇ ਸਨ ਕਿ ਕੰਮ ਕਰਦਿਆਂ ਪਿਆਸ ਲੱਗ ਆਈ | ਪਿਆਸ ਬੁਝਾਉਣ ਲਈ ਜਦੋਂ ਉਨ੍ਹਾਂ ਜੰਡ ਦੇ ਦਰੱਖ਼ਤ ਟੰਗੀ ਮਸ਼ਕ ਲਾਹੀ ਤਾਂ ਪਾਣੀ ਅਤਿ ਠੰਢਾ ਦੇਖ ਮਨ ਖ਼ਿਆਲ ਆਇਆ ਕਿ ਇਹ ਠੰਢਾ ਪਾਣੀ ਤਾਂ ਗੁਰੁੂ ਸਾਹਿਬ ਦੇ ਪੀਣ ਲਾਇਕ ਹੈ | ਉਨ੍ਹਾਂ ਫ਼ੈਸਲਾ ਕੀਤਾ ਕਿ ਉਹ ਇਹ ਪਾਣੀ ਤਾਂ ਹੀ ਪੀਣਗੇ ਜੇ ਗੁਰੂ ਸਾਹਿਬ ਪਹਿਲਾਂ ਇਸ ਦਾ ਸੇਵਨ ਕਰਨ | ਤਿੱਖੀ ਪਿਆਸ ਹੋਣ ਦੇ ਬਾਵਜੂਦ ਉਨ੍ਹਾਂ ਦੋਹਾਂ ਨੇ ਮਸ਼ਕ 'ਚੋਂ ਪਾਣੀ ਨਾ ਪੀਤਾ ਤੇ ਗੁਰੂ ਜੀ ਨੂੰ ਅੰਤਰ ਧਿਆਨ ਯਾਦ ਕਰਦੇ ਹੋਏ ਬੇਹੋਸ਼ ਹੋ ਗਏ | ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਭਾਈ (ਮੋਗਾ) ਵਿਖੇ ਸਨ | ਗੁਰੂ ਸਾਹਿਬ ਪਿੰਡ ਤੁਲਕਾਣੀ ਤੋਂ 30 ਕੋਹ ਪੈਂਡਾ ਤੈਅ ਕਰਕੇ ਬਿਨ੍ਹਾਂ ਕਿਸੇ ਨੂੰ ਦੱਸੇ ਘੋੜੇ 'ਤੇੇ ਸਵਾਰ ਹੋ ਉਸ ਖੇਤ 'ਚ ਜਾ ਪਹੁੰਚੇ, ਜਿੱਥੇ ਭਾਈ ਸਾਧੂ ਤੇ ਭਾਈ ਰੂਪ ਚੰਦ ਬੇਹੋਸ਼ ਪਏ ਸਨ | ਗੁਰੂ ਸਾਹਿਬ ਨੇ ਉਨ੍ਹਾਂ ਨੂੰ ਹੋਸ਼ 'ਚ ਲਿਆਂਦਾ ਤੇ ਉਨ੍ਹਾਂ ਹੱਥੋਂ ਜਲ ਛਕਿਆ ਤੇ ਉਨ੍ਹਾਂ ਉੱਤੇ ਅਨੇਕ ਬਖ਼ਸ਼ਿਸ਼ਾਂ ਕੀਤੀਆਂ | ਇਸ ਮੌਕੇ ਭਾਈ ਸਾਧੂ ਨੇ ਗੁਰੂ ਜੀ ਨੂੰ ਦੱਸਿਆ ਕਿ ਪਿੰਡ ਤੁਲਕਾਣੀ 'ਚ ਉਨ੍ਹਾਂ ਦਾ ਇਕੱਲਾ ਗੁਰਸਿੱਖ ਪਰਿਵਾਰ ਹੋਣ ਕਰਕੇ ਉਨ੍ਹਾਂ ਨੂੰ ਸਖੀ ਸਰਵਰ ਪੂਜਕਾਂ ਹੱਥੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਗੁਰੂ ਜੀ ਨੇ ਜੰਡ ਦੇ ਸਥਾਨ ਤੋਂ ਤੀਰ ਛੱਡਦਿਆਂ ਕਿਹਾ ਕਿ ਜਿਸ ਸਥਾਨ 'ਤੇ ਇਹ ਤੀਰ ਡਿੱਗੇਗਾ, ਉੱਥੇ ਨਵਾਂ ਨਗਰ ਵਸਾ ਲਵੋ | ਗੁਰੂ ਹਰਗੋਬਿੰਦ ਸਾਹਿਬ ਨੇ 1631 ਨੂੰ ਭਾਈ ਰੂਪ ਚੰਦ ਦੇ ਨਾਂ 'ਤੇ ਭਾਈ ਰੂਪਾ ਵਸਾਇਆ | ਇਸ ਸਿਦਕੀ ਸਿੱਖ ਨੂੰ ਗੁਰੂ ਸਾਹਿਬ ਨੇ ਇੱਥੇ ਹੀ ਲੰਗਰ ਚਲਾਉਣ ਲਈ ਕਿਹਾ ਤੇ ਨਿਸ਼ਾਨੀ ਵਜੋਂ ਆਪਣੇ ਕੁਝ ਵਸਤਰ ਤੇ ਸ਼ਸਤਰ ਬਖ਼ਸ਼ਿਸ਼ ਕੀਤੇ, ਪਰ ਭਾਈ ਰੂਪ ਚੰਦ ਨੇ ਸ਼ਸਤਰ ਧਾਰਨ ਕਰਨ ਦੀ ਥਾਂ ਗੁਰੂ ਜੀ ਦੀਆਂ ਬਖ਼ਸ਼ੀਆਂ ਨਿਸ਼ਾਨੀਆਂ ਸਤਿਕਾਰ ਸਹਿਤ ਸਿਰ ਉੱਤੇ ਚੁੱਕ ਲਈਆਂ ਤੇ ਨਿਮਰ ਭਾਵ ਨਾਲ ਕਿਹਾ, 'ਤੁਹਾਡੇ ਬਖ਼ਸ਼ਿਸ਼ ਕੀਤੇ ਇਹ ਵਸਤਰ ਤੇ ਸ਼ਸਤਰ ਮੇਰੇ ਲਈ ਪਵਿੱਤਰ ਹਨ, ਮੈਂ ਇਨ੍ਹਾਂ ਨੂੰ ਪਹਿਨ ਕੇ ਇਨ੍ਹਾਂ ਦੀ ਬੇਅਦਬੀ ਨਹੀਂ ਕਰ ਸਕਦਾ |' ਭਾਈ ਰੂਪ ਚੰਦ ਦੇ ਮੂੰਹੋਂ ਅਜਿਹੇ ਨਿਮਰ ਸ਼ਬਦ ਸੁਣ ਕੇ ਗੁਰੂ ਜੀ ਬਹੁਤ ਖ਼ੁਸ਼ ਹੋਏ ਤੇ ਕਿਹਾ, ''ਤੇਰੀ ਜ਼ੁਬਾਨ ਹੀ ਤੇਰੀ ਤਲਵਾਰ ਦਾ ਕੰਮ ਕਰੇਗੀ |'' ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਦੀ ਧਰਤੀ 'ਤੇ ਭਾਈ ਰੂਪ ਚੰਦ ਤੇ ਉਨ੍ਹਾਂ ਦੇ ਪੰਜ ਸਪੁੱਤਰਾਂ ਨੂੰ ਅੰਮਿ੍ਤਪਾਨ ਕਰਵਾਇਆ | ਭਾਈ ਰੂਪ ਚੰਦ ਦੇ ਪਰਿਵਾਰ ਨੇ ਵਿਰਾਸਤ 'ਚ ਹਾਸਲ ਗੁਰੂ ਸਾਹਿਬਾਨ ਦੀਆਂ ਬਖ਼ਸ਼ਿਸ਼ ਕੀਤੀਆਂ ਨਿਸ਼ਾਨੀਆਂ ਤੇ ਹੁਕਮਨਾਮੇ ਭਾਈ ਰੂਪਾ ਅਤੇ ਪਿੰਡ ਬਾਗੜੀਆਂ (ਨਾਭਾ) ਵਿਖੇ ਸਾਂਭੇ ਹੋਏ ਹਨ, ਅੱਜ 28 ਅਪ੍ਰੈਲ ਤੋਂ 1 ਮਈ ਤੱਕ ਕਸਬਾ ਭਾਈਰੂਪਾ ਵਿਖੇ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਵਲੋਂ 88ਵੇਂ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿੱਥੇ ਪੰਜਾਬ ਦੇ ਨਾਮਵਰ ਰਾਗੀ/ਢਾਡੀ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨਗੇ |
Ad Position 22
No active advertisement
ਪਿਛਲੀ ਖ਼ਬਰ ਗਊ ਮਾਤਾ ਦੇ ਸਨਮਾਨ ਲਈ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਆਸ਼ਾ ਦਿਵਸ ਮੌਕੇ ਐਸ. ਐਮ. ਓ. ਵਲੋਂ ਆਸ਼ਾ ਫੈਸਿਲੀਟੇਟਰ ਤੇ ਵਰਕਰ ਸਨਮਾਨਿਤ <br/>
Ad Position 24