ਭਗਤਾ ਭਾਈਕਾ, 6 ਜੂਨ (ਸੁਖਪਾਲ ਸਿੰਘ ਸੋਨੀ)-ਪੁਲਿਸ ਵਲੋਂ ਬੇਰੁਜ਼ਗਾਰਾਂ ਉੱਪਰ ਅੰਨ੍ਹੇਵਾਹ ਕੀਤੇ ਗਏ ਲਾਠੀਚਾਰਜ ਨੂੰ ਲੈ ਕੇ ਪਿੰਡ-ਪਿੰਡ ਦੇ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਵਲੋਂ ਬੇਰੁਜ਼ਗਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪੁਲਿਸ ਅਤੇ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ | ਇਸੇ ਤਹਿਤ ਅੱਜ ਸਥਾਨਕ ਸ਼ਹਿਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਰਥੀ ਫੂਕ ਕੇ ਰੋਸ ਪ੍ਰਗਟ ਕੀਤਾ ਗਿਆ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਗਤਾ ਭਾਈਕਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਤਾਰੀ ਨੇ ਬੇਰੁਜ਼ਗਾਰਾਂ ਉਪਰ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਬੇਰੁਜ਼ਗਾਰ, ਠੇਕਾ ਭਰਤੀ ਬਿਜਲੀ ਮੁਲਾਜ਼ਮਾਂ ਉਪਰ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਨੇ ਪੁਲਿਸ ਅਤੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਇਸ ਤਰ੍ਹਾਂ ਕੁੱਟਣਾ ਘੜੀਸਣਾ ਇਨਸਾਨੀਅਤ ਨੂੰ ਸਰਮੋ ਸਾਰ ਕਾਰਨ ਵਾਲਾ ਕਾਰਾ ਹੈ | ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਉਪਰ ਲਾਠੀਚਾਰਜ ਕਰਨ ਵਾਲੇ ਮੌਕੇ ਦੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਨੌਕਰੀਓ ਬਰਖਾਸਤ ਕਰਨ ਦੀ ਮੰਗ ਕੀਤੀ | ਇਸ ਸਮੇਂ ਵੱਡੀ ਗਿਣਤੀ ਕਿਸਾਨ ਅਗੂ ਅਤੇ ਕਿਸਾਨ ਹਾਜ਼ਰ ਸਨ |