ਕੋਟਫੱਤਾ, 6 ਜੂਨ (ਰਣਜੀਤ ਸਿੰਘ ਬੁੱਟਰ)-ਕੋਟਸ਼ਮੀਰ ਦੇ ਖੇਡ ਸਟੇਡੀਅਮ ਵਿਚ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇ ਨਜ਼ਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਮੁਫ਼ਤ ਕਬੱਡੀ ਕੋਚਿੰਗ ਕੈਂਪ ਸ਼ੁਰੂ ਕੀਤਾ ਗਿਆ | ਕੈਂਪ ਦੀ ਸ਼ੁਰੂਆਤ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਕੀਤੀ | ਇਸ ਮੌਕੇ ਬੋਲਦਿਆਂ ਉਨ੍ਹਾਂ ਪਿਛਲੇ ਲੰਬੇ ਸਮੇਂ ਤੋਂ ਗਰਾਊਾਡਾਂ ਨਾਲ ਜੁੜੇ ਕਬੱਡੀ ਕੋਚ ਹਰਬਚਨ ਜਲਾਲ ਅਤੇ ਉਨ੍ਹਾਂ ਦੇ ਸਹਿਯੋਗੀ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਪੀਤਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨ੍ਹਾਂ ਸਮੇਂ-ਸਮੇਂ 'ਤੇ ਲੜਕਿਆਂ ਤੇ ਲੜਕੀਆਂ ਨੂੰ ਕੋਚਿੰਗ ਦੇ ਕੇ ਕੋਟਸ਼ਮੀਰ ਨਗਰ ਦਾ ਮਾਣ ਵਧਾਇਆ ਹੈ | ਕਬੱਡੀ ਕੋਚ ਹਰਬਚਨ ਜਲਾਲ ਨੇ 5 ਜੂਨ 2026 ਤੋਂ ਲੜਕਿਆਂ ਅਤੇ ਲੜਕੀਆਂ ਲਈ ਸ਼ੁਰੂ ਹੋਏ ਇਸ ਮੁਫ਼ਤ ਵਿਸ਼ੇਸ਼ ਕਬੱਡੀ ਕੋਚਿੰਗ ਕੈਂਪ ਲਈ ਸਾਰੇ ਕੋਟਸ਼ਮੀਰ ਅਤੇ ਆਸ-ਪਾਸ ਦੇ ਪਿੰਡਾਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਬੱਚਿਆਂ ਨੂੰ ਇਸ ਕੈਂਪ ਵਿਚ ਜ਼ਰੂਰ ਭੇਜਣ, ਤਾਂ ਜੋ ਬੱਚੇ ਆਪਣੀ ਸਰੀਰਕ ਤੰਦਰੁਸਤੀ ਨੂੰ ਬਿਹਤਰ ਬਣਾ ਸਕਣ | ਦਸਮੇਸ਼ ਕਲੱਬ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ-ਨਾਲ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਚੰਗੀ ਸਿਹਤ ਵੀ ਪ੍ਰਦਾਨ ਕਰਦੀਆਂ ਹਨ | ਉਹਨਾਂ ਕਿਹਾ ਕਿ ਕੈਂਪ ਦਾ ਸਮਾਂ ਸਵੇਰੇ 5 ਵਜੇ ਤੋਂ 7 ਵਜੇ ਤੱਕ ਤੇ ਸ਼ਾਮ ਨੂੰ ਵੀ 5 ਤੋਂ 7 ਵਜੇ ਤੱਕ ਰਹੇਗਾ | ਇਸ ਮੌਕੇ ਗੁਰਤੇਜ ਸਿੰਘ ਅÏਲਖ ਫੂਸ ਮੰਡੀ, ਕੌਂਸਲਰ ਜਸਪ੍ਰੀਤ ਸਿੰਘ ਜੱਸਾ, ਕੌਂਸਲਰ ਸੁਖਪਾਲ ਸਿੰਘ ਗ੍ਰੰਥੀ, ਕੌਂਸਲਰ ਮਨਜੀਤ ਕੌਰ ਦੇ ਪਤੀ ਸਵਰਨ ਸਿੰਘ ਸ਼ਰਨੀ, ਕੌਂਸਲਰ ਸੁਖਵਿੰਦਰ ਕੌਰ ਦੇ ਪਤੀ ਸਾਬਕਾ ਪੰਚ ਹਰਭਜਨ ਸਿੰਘ, ਕਲੱਬ ਮੈਂਬਰ ਅਜੈਬ ਸਿੰਘ ਰਤੜਾ, ਕੌਂਸਲਰ ਰਾਮ ਸਿੰਘ ਮਾਨ, ਬਲਾਕ ਸੰਮਤੀ ਮੈਂਬਰ ਇਕਬਾਲ ਸਿੰਘ ਫੂਸ ਮੰਡੀ, ਗੁਰਪ੍ਰੀਤ ਸਿੰਘ ਫੌਜੀ ਕੋਟਸ਼ਮੀਰ ਤੇ ਸੁਰਜੀਤ ਸਿੰਘ ਲੀਲਾ ਕੋਟਸ਼ਮੀਰ ਆਦਿ ਹਾਜ਼ਰ ਸਨ |