ਮਾਨਸਾ, 6 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਦੇਸ਼ ਵਿਚ ਵਧ ਰਿਹਾ ਫਾਸ਼ੀਵਾਦ ਅਤੇ ਦੇਸ਼ ਦੀ ਸੰਮਤੀ ਨੂੰ ਨਿੱਜੀ ਹੱਥਾਂ ਦੇ ਹਵਾਲੇ ਕਰਨ, ਨੌਜਵਾਨਾਂ ਨੂੰ ਬੇਰੁਜ਼ਗਾਰੀ ਦੀ ਦਲਦਲ ਵੱਲ ਧੱਕਣਾ, ਲੋਕਾਂ ਦੇ ਅਧਿਕਾਰਾਂ ਨੂੰ ਖ਼ਤਮ ਕਰਨ ਅਤੇ ਪੰਜਾਬ ਦੇ ਅਧਿਕਾਰਾਂ ਨੂੰ ਮੋਦੀ ਸਰਕਾਰ ਵਲੋਂ ਆਪਣੇ ਹੱਥ 'ਚ ਲੈਣ ਦੇ ਵਿਰੋਧ ਵਿਚ ਸੀ. ਪੀ. ਆਈ (ਐਮ. ਐਲ.) ਲਿਬਰੇਸ਼ਨ ਅਤੇ ਆਰ. ਐਮ. ਪੀ. ਆਈ. ਵਲੋਂ 7 ਜੂਨ ਨੂੰ ਲੁਧਿਆਣਾ ਵਿਖੇ ਸਾਂਝੀ ਕਨਵੈੱਨਸ਼ਨ ਕੀਤੀ ਜਾਵੇਗੀ | ਲਿਬਰੇਸ਼ਨ ਦੇ ਕੰਟਰੋਲ ਕਮਿਸ਼ਨ ਦੇ ਆਗੂ ਕਾ. ਨਛੱਤਰ ਸਿੰਘ ਖੀਵਾ, ਜ਼ਿਲ੍ਹਾ ਸਕੱਤਰ ਕਾ. ਸੁਰਿੰਦਰਪਾਲ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਐਸ. ਆਈ. ਆਰ. ਨਾਲ ਲੱਖਾਂ ਦੀ ਗਿਣਤੀ 'ਚ ਵਿਰੋਧੀ ਵੋਟਾਂ ਕੱਟ ਕੇ ਸਰਕਾਰਾਂ ਬਣਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰਾਂ ਨੂੰ ਖ਼ਤਮ ਕਰ ਕੇ ਆਪਣੇ ਹੱਥਾਂ ਵਿਚ ਲੈਣ 'ਤੇ ਤੁਲੀ ਹੋਈ ਹੈ | ਉਨ੍ਹਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਵੀ ਭਾਜਪਾ ਦੇ ਰਾਹ ਤੁਰੀ ਹੋਈ ਹੈ | ਉਕਤ ਆਗੂਆਂ ਨੇ ਬੀਤੇ ਕੱਲ੍ਹ ਪਟਿਆਲਾ ਵਿਖੇ ਲਾਈਨਮੈਨਾਂ 'ਤੇ ਕੀਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ | ਇਸ ਮੌਕੇ ਗੁਰਸੇਵਕ ਸਿੰਘ ਮਾਨਬੀਬੜੀਆਂ, ਬਲਵਿੰਦਰ ਸਿੰਘ, ਸੁਖਜੀਤ ਸਿੰਘ ਰਾਮਾਨੰਦੀ ਆਦਿ ਹਾਜ਼ਰ ਸਨ |