ਲਹਿਰਾ ਮੁਹੱਬਤ, 20 ਜੂਨ (ਸੁਖਪਾਲ ਸਿੰਘ ਸੁੱਖੀ)- ਸੂਬੇ ਦੇ 3 ਸਰਕਾਰੀ ਥਰਮਲਾਂ ‘ਚ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਬਿਜਲੀ ਦੇ ਅਣ-ਐਲਾਨੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਸਾਂਝੀ ਥਰਮਲ ਕੰਟਰੈਕਟਰ ਵਰਕਰ ਸੰਘਰਸ਼ ਕਮੇਟੀ ਏਟਕ ਪੰਜਾਬ ਕੋ-ਕਨਵੀਨਰ ਸੁਖਵਿੰਦਰ ਸਿੰਘ ਬਾਠ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਅੱਜ ਧਰਨਾ ਲਗਾਤਾਰ ਪੰਜਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਸੰਘਰਸ਼ ਦੇ ਦਬਾਅ ਸਦਕਾ ਮੈਨੇਜਮੈਂਟ ਦੀ ਜਥੇਬੰਦੀ ਨਾਲ ਦੋ ਵਾਰ ਮੀਟਿੰਗ ਹੋਈ ਤੇ ਇਸ ਮਗਰੋਂ ਪਾਵਰਕਾਮ ਦੇ ਸੀ.ਐਮ.ਡੀ ਸਮੇਤ ਹੋਰ ਅਧਿਕਾਰੀਆਂ ਨਾਲ ਮੋਹਾਲੀ ਵਿਖੇ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਇਸ ਦੌਰਾਨ ਜਥੇਬੰਦੀ ਨੇ 24 ਮਈ 2026 ਦੀਆਂ ਬਣੀਆਂ ਸਹਿਮਤੀਆਂ ਨੂੰ ਲਾਗੂ ਕਰਨ ਦੀ ਮੰਗ ਕੀਤੀ। ਜਿਸ ਤੋਂ ਪਾਵਰਕਾਮ ਲਿਖਤੀ ਮੰਗ ਮੰਨ ਕੇ ਭੱਜਣ ਲੱਗਾ ਹੈ। ਸਰਕਾਰ ਤੇ ਪਾਵਰਕਾਮ ਵਲੋਂ ਨੋਟੀਫ਼ਿਕੇਸ਼ਨ ਜਾਰੀ ਕਰਨ ਵਿਚ ਦੇਰੀ ਨਾਲ ਬਿਜਲੀ ਕਿੱਲਤ ਪੈਦਾ ਕਰਨ ਤੇ ਨਿਗਮ ਨੂੰ ਵੱਡੇ ਵਿੱਤੀ ਨੁਕਸਾਨ ਵੱਲ ਧੱਕਿਆ ਜਾ ਰਿਹਾ ਹੈ। ਅੱਜ ਦੇ ਧਰਨੇ ਵਿਚ ਜਥੇਬੰਦੀ ਦੇ ਜਰਨਲ ਸਕੱਤਰ ਹਰਪ੍ਰੀਤ ਸਿੰਘ, ਹਰਪਾਲ ਸਿੰਘ ਆਲੀਕੇ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਹਿਰਾ ਥਰਮਲ ਦੇ ਚਾਰ ਯੂਨਿਟਾਂ ‘ਚੋਂ ਤਿੰਨ ਯੂਨਿਟਾਂ ਸਮੇਤ ਰੋਪੜ ਦੇ ਇਕ ਯੂਨਿਟ ਦਾ ਬਿਜਲੀ ਉਤਪਾਦਨ ਠੇਕਾ ਮੁਲਾਜ਼ਮਾਂ ਦੀ ਘਾਟ ਕਾਰਨ ਠੱਪ ਹੋ ਚੁੱਕਾ ਹੈ। ਇਸ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਸਮੇਤ ਜ਼ਿਲ੍ਹਾ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਜਥੇਬੰਦੀ ਨੂੰ ਹਰ ਘੜੀ ਵਿਚ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਸਮੇਂ ਕਰਮਚਾਰੀ ਸੰਘ ਜਥੇਬੰਦੀ ਬਠਿੰਡਾ ਦੇ ਆਗੂ ਭਗਵਾਨ ਸਿੰਘ ਪ੍ਰਧਾਨ ਆਪਣੇ ਸਾਥੀ ਆਗੂਆਂ ਸਮੇਤ ਸ਼ਾਮਿਲ ਹੋਏ, ਉਨ੍ਹਾਂ ਦਾ ਏਟਕ ਜਥੇਬੰਦੀ ਵਲੋਂ ਭਰਾਤਰੀ ਜਥੇਬੰਦੀਆਂ ਦਾ ਹਮਾਇਤ ਦੇਣ ਲਈ ਧੰਨਵਾਦ ਕੀਤਾ।
ਬਿਜਲੀ ਦੀ ਕਮੀ ਕਾਰਨ ਪੰਜਾਬ ਵਿਚ ਅਣ-ਐਲਾਨੇ ਕੱਟ ਲੱਗਣੇ ਸ਼ੁਰੂ
ਅਜੀਤ ਡੈਸਕ
21-06-2026