ਆਰਥਿਕ ਸ਼ੋਸ਼ਣ ਨੂੰ ਰੋਕਣ ਲਈ ਸ਼ੈਲਰ ਮਾਲਕ ਇੱਕਜੁੱਟ ਹੋਣ-ਤਰਸੇਮ ਸੈਣੀ
ਕਿਹਾ, ਸ਼ੈਲਰ ਮਾਲਕਾਂ ਦਾ ਵਿੱਤੀ ਸ਼ੋਸ਼ਣ ਕਰ ਰਿਹੈ ਮੰਡੀਕਰਨ ਬੋਰਡ ਅਤੇ ਐਫ.ਸੀ.ਆਈ.
ਭੀਖੀ, 22 ਅਗਸਤ (ਬਲਕਾਰ ਸਿੰਘ ਸਹੋਤਾ)- ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਸਥਾਨਕ ਬੀ. ਐਮ.
ਭੀਖੀ, 22 ਅਗਸਤ (ਬਲਕਾਰ ਸਿੰਘ ਸਹੋਤਾ)- ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੀ ਸਥਾਨਕ ਬੀ. ਐਮ. ਜੀ. ਰਿਜ਼ਾਰਟ ਵਿਚ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਤਰਸੇਮ ਸੈਣੀ ਨੇ ਸ਼ੈਲਰ ਮਾਲਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਉਹ ਆਪਣੇ ਆਰਥਿਕ ਸ਼ੋਸ਼ਣ ਨੂੰ ਰੋਕਣ ਲਈ ਇੱਕਜੁੱਟ ਹੋਣ। ਉਨ੍ਹਾਂ ਕਿਹਾ ਕਿ ਸੂਬੇ ’ਚ ਸ਼ੈਲਰ ਇੰਡਸਟਰੀ ਬਹੁਤ ਮੰਦੇ ਦੌਰ ਵਿਚੋਂ ਗੁਜ਼ਰ ਰਹੀ ਹੈ। ਇਕ ਪਾਸੇ ਭਾਰਤੀ ਖ਼ੁਰਾਕ ਨਿਗਮ ਨਿੱਤ ਨਵੇਂ ਨਿਯਮ ਬਣਾਉਂਦਾ ਹੈ ਅਤੇ ਦੂਸਰੇ ਪਾਸੇ ਜਦੋਂ ਸ਼ੈਲਰ ਮਾਲਕ ਆਪਣੇ ਨਮੀ ਕਾਰਨ ਚਾਵਲਾਂ ’ਚ ਹੋਈ ਕਟੌਤੀ ਨੂੰ ਪੂਰਾ ਕਰਨ ਲਈ ਕਿਸੇ ਦੂਸਰੇ ਰਾਜ ਤੋਂ ਚਾਵਲ ਬਣਵਾ ਕੇ ਆਪਣਾ ਕੋਟਾ ਪੂਰਾ ਕਰਦਾ ਹੈ ਤਾਂ ਮਾਰਕਿਟ ਕਮੇਟੀਆਂ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਅਤੇ ਬਲੈਕਮੇਲ ਕਰਦੀਆਂ ਹਨ। ਅਜਿਹਾ ਪੰਜਾਬ ਵਿਚ ਹੀ ਜਦੋਂ ਕਿ ਗੁਆਂਢੀ ਰਾਜ ਹਰਿਆਣਾ ’ਚ ਸ਼ੈਲਰ ਮਾਲਕਾਂ ਨੂੰ ਆਪਣੀ ਕਟੌਤੀ ਪੂਰੀ ਕਰਨ ਦੀ ਪੂਰੀ ਖੁੱਲ੍ਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਗਪਗ ਸਾਰੇ ਇੰਡਸਟਰੀ ਯੂਨਿਟ ਬੰਦ ਹੋਣ ਦੇ ਕਿਨਾਰੇ ਹਨ ਅਤੇ ਸਿਰਫ਼ ਖੇਤੀ ਆਧਾਰਿਤ ਹੋਣ ਕਾਰਨ ਸ਼ੈਲਰ ਇੰਡਸਟਰੀ ਨੇ ਹੀ ਆਪਣੀ ਹੋਂਦ ਬਣਾਈ ਹੋਈ ਹੈ ਪਰ ਜਿਸ ਹਿਸਾਬ ਨਾਲ ਕੇਂਦਰ ਸਰਕਾਰ ਨਿੱਤ ਨਵੇਂ ਕਾਨੂੰਨ ਤੈਅ ਕਰ ਰਹੀ ਹੈ, ਤੋਂ ਲਗਦਾ ਹੈ ਕਿ ਇਹ ਇੰਡਸਟਰੀ ਵੀ ਜਲਦੀ ਦਮ ਤੋੜ ਜਾਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਸ਼ੈਲਰ ਉਦਯੋਗ ਨੂੰ ਪੈਰਾਂ ਸਿਰ ਰੱਖਣ ਲਈ ਉਹ ਕੇਂਦਰ ਕੋਲ ਠੋਸ ਪੈਰਵਾਈ ਕਰਨ। ਉਨ੍ਹਾਂ ਸ਼ੈਲਰ ਮਾਲਕਾਂ ਨੂੰ ਕਿਹਾ ਕਿ ਉਹ ਆਗਾਮੀ ਸੀਜ਼ਨ ’ਚ ਝੋਨੇ ਦੀ ਖ਼ਰੀਦ ਸੋਚ ਸਮਝ ਕੇ ਕਰਨ ਕਿਉਂਕਿ ਹਾਲੇ ਤੱਕ ਬਹੁਤੇ ਸ਼ੈਲਰਾਂ ’ਚੋਂ 2025-26 ਦੇ ਸੀਜ਼ਨ ਦੇ ਮੀਲਿੰਗ ਚਾਵਲ ਵੀ ਸ਼ੈਲਰਾਂ ’ਚ ਹੀ ਪਏ ਹਨ, ਜਿਨ੍ਹਾਂ ਨੂੰ ਹਾਲੇ ਤੱਕ ਐਫ.ਸੀ.ਆਈ. ਨੇ ਆਪਣੇ ਡੀਪੂਆਂ ਵਿਚ ਨਹੀਂ ਲਿਆ। ਉਨ੍ਹਾਂ ਕਿਹਾ ਕਿ ਚਾਵਲ ਟੁੱਟ ਦਾ ਮੁੱਦਾ ਵੀ ਸ਼ੈਲਰਾਂ ਮਾਲਕਾਂ ਲਈ ਗੰਭੀਰ ਬਣਿਆ ਹੋਇਆ ਹੈ। ਬਹੁਤੇ ਸ਼ੈਲਰਾਂ ਵਿਚ ਚਾਵਲ ਦੀ ਟੁੱਟ ਪਈ ਹੋਣ ਕਾਰਨ ਜਿੱਥੇ ਸ਼ੈਲਰ ਮਾਲਕਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਉੱਥੇ ਆਗਾਮੀ ਸੀਜ਼ਨ ਲਈ ਜਗ੍ਹਾ ਦੀ ਵੀ ਕਮੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦਾ ਮੁੱਦਾ ਕੌਮੀ ਪੱਧਰ ’ਤੇ ਚੁਣੌਤੀ ਵਾਲਾ ਹੋ ਚੁੱਕਿਆ ਹੈ ਅਤੇ ਹਰ ਰਾਜ ਕੋਲ ਚਾਵਲ ਲੋੜੀਂਦੀ ਮਾਤਰਾ ਤੋਂ ਵੱਧ ਪਿਆ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਕੌਮੀ ਪੱਧਰ ’ਤੇ ਸ਼ੈਲਰ ਮਾਲਕਾਂ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਸੰਸਥਾ ਵਲੋਂ ਪਹਿਲਾਂ ਵੀ ਸ਼ੈਲਰ ਮਾਲਕਾਂ ਦੀਆਂ ਅਨੇਕਾਂ ਮੁਸ਼ਕਿਲਾਂ ਦਾ ਨਿਰਵਾਣ ਕਰਵਾਇਆ ਹੈ ਅਤੇ ਆਗਾਮੀ ਸਮੇਂ ’ਚ ਉਹ ਸ਼ੈਲਰ ਮਾਲਕਾਂ ਦੇ ਹਿਤਾਂ ਲਈ ਅੱਗੇ ਹੋ ਕੇ ਸੰਘਰਸ਼ ਕਰਦੇ ਰਹਿਣਗੇ। ਮੀਟਿੰਗ ਨੂੰ ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਸ਼ਾਮ ਲਾਲ ਧਲੇਵਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਬੰਸ ਲਾਲ ਬਾਂਸਲ, ਵਿਸ਼ਾਲ ਗੋਇਲ, ਦੀਪਕ ਗੋਇਲ ਸ਼ੰਟੂ ਆਦਿ ਹਾਜ਼ਰ ਸਨ।