ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਲੜਕੇ ਦੇ ਵਿਦਿਆਰਥੀਆਂ ਵਲੋਂ ਸ੍ਰੀ ਮੁਕਤਸਰ ਸਾਹਿਬ ਲਈ ਧਾਰਮਿਕ ਯਾਤਰਾ
ਭੁੱਚੋ ਮੰਡੀ, 28 ਅਗਸਤ (ਬਿੱਕਰ ਸਿੰਘ ਸਿੱਧੂ)-ਪੀ. ਐਮ.
ਭੁੱਚੋ ਮੰਡੀ, 28 ਅਗਸਤ (ਬਿੱਕਰ ਸਿੰਘ ਸਿੱਧੂ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਮੰਡੀ ਲੜਕੇ ਵਲੋਂ ਵਿਦਿਆਰਥੀਆਂ ਲਈ ਧਾਰਮਿਕ ਯਾਤਰਾ ਕਰਵਾਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ। ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਿਆ। ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਦਰਸ਼ਨ ਕਰਕੇ ਚਾਲੀ ਮੁਕਤਿਆਂ ਵਲੋਂ ਜੰਗ ਦੌਰਾਨ ਦੁਸ਼ਮਣ ਨੂੰ ਵੱਡੀ ਫੌਜ ਹੋਣ ਦਾ ਭੁਲੇਖਾ ਪਾਉਣ ਲਈ ਝਾੜੀਆਂ ਉਪਰ ਕੱਪੜੇ ਤਾਣ ਕੇ ਤੰਬੂਆਂ ਵਰਗਾ ਦ੍ਰਿਸ਼ ਬਣਾਉਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਗੁਰਦੁਆਰਾ ਮਾਤਾ ਭਾਗ ਕੌਰ ਜੀ ਵਿਖੇ ਮੱਥਾ ਟੇਕਿਆ। ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਚਾਲੀ ਮੁਕਤਿਆਂ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਨਾਲ ਸਬੰਧਤ ਇਤਿਹਾਸ ਦੱਸਿਆ ਗਿਆ। ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ ਗੁਰੂ ਸਾਹਿਬ ਦੇ ਠਹਿਰਾਅ ਨਾਲ ਸਬੰਧਤ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਗੁਰਦੁਆਰਾ ਸਾਹਿਬ ਜਨਮ ਸਥਾਨ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਦੂਜੀ ਸਰਾਏ ਨਾਗਾ ਵਿਖੇ ਬੱਚਿਆਂ ਨੇ ਦਰਸ਼ਨ ਕੀਤੇ। ਵਾਪਸੀ ਤੇ ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਇਸ ਦੌਰਾਨ ਅਧਿਆਪਕਾ ਸਰਬਜੀਤ ਕੌਰ, ਰੇਨੂ ਬਾਲਾ, ਹਰਪ੍ਰੀਤ ਕੌਰ ਅਤੇ ਅਮਰਿੰਦਰ ਸਿੰਘ ਨੇ ਵਿਦਿਆਰਥੀਆਂ ਨਾਲ ਰਹਿ ਕੇ ਉਨ੍ਹਾਂ ਦੀ ਅਗਵਾਈ ਕੀਤੀ ਅਤੇ ਇਤਿਹਾਸਕ ਸਥਾਨਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।