ਮੋਰਿੰਡਾ, 5 ਜਨਵਰੀ (ਤਰਲੋਚਨ ਸਿੰਘ ਕੰਗ)-ਮੋਰਿੰਡਾ ਇਲਾਕੇ ਵਿਚ ਰੋਜ਼ਾਨਾ ਮੋਟਰਾਂ ਤੋਂ ਤਾਂਬੇ ਦੀਆਂ ਕੇਬਲਾਂ ਚੋਰੀ ਕਰਨ ਦੀਆਂ ਖਬਰਾਂ ਮਿਲ ਰਹੀਆਂ ਹਨ | ਇਸੇ ਤਹਿਤ ਚੋਰਾਂ ਨੇ ਬੀਤੀ ਰਾਤ ਚਾਰ ਮੋਟਰਾਂ ਤੋਂ ਤਾਂਬੇ ਦੀਆਂ ਕੇਬਲਾਂ ਚੋਰੀ ਕਰ ਲਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਚਲਾਕੀ ਜ਼ਿਲ੍ਹਾ ਪ੍ਰਧਾਨ ਭਾਕਿਊ ਲੱਖੋਵਾਲ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਅਵਤਾਰ ਸਿੰਘ ਪੁੱਤਰ ਜਾਗਰ ਸਿੰਘ, ਪ੍ਰੇਮ ਸਿੰਘ ਪੁੱਤਰ ਬਚਨ ਸਿੰਘ ਦੀਆਂ ਮੋਟਰਾਂ ਤੋਂ ਚੋਰਾਂ ਨੇ ਤਾਂਬੇ ਦੀਆਂ ਕੇਬਲਾਂ ਚੋਰੀ ਕਰ ਲਈਆਂ | ਉਹਨਾਂ ਦੱਸਿਆ ਕਿ ਪਿੰਡ ਚਲਾਕੀ, ਬਹਿਬਲਪੁਰ, ਸੱਖੋਮਾਜਰਾ, ਤਾਜਪੁਰ ਤੇ ਸ਼ਾਹਪੁਰ ਦੀਆਂ ਮੋਟਰਾਂ ਤੋਂ ਵੀ ਚੋਰ ਤਾਂਬੇ ਦੀਆਂ ਕੇਬਲਾਂ ਚੋਰੀ ਕਰਕੇ ਲੈ ਗਏ | ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਮੋਟਰਾਂ ਤੇ ਹੋ ਰਹੀਆਂ ਚੋਰੀਆਂ ਨੂੰ ਠੱਲ ਪਾਉਣ ਲਈ ਕੋਈ ਠੋਸ ਕਾਰਵਾਈ ਕੀਤੀ ਜਾਵੇ |