ਸੁਖਸਾਲ, 23 ਜਨਵਰੀ (ਧਰਮ ਪਾਲ)-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਦਸਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈਆਂ ਸਨ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਹਿਲਾਵਾਂ ਦੀ ਖੋ-ਖੋ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਵਿਦਿਆਰਥੀਆਂ ਦੀ ਇਸ ਕਾਬਿਲੇ-ਤਾਰੀਫ਼ ਪ੍ਰਾਪਤੀ ਨੂੰ ਸਨਮਾਨ ਦੇਣ ਲਈ ਬਾਹਤੀ ਸਭਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਚੌਧਰੀ ਮੋਹਨ ਲਾਲ ਤੇ ਪਿੰਡ ਪੰਚਾਇਤ ਵਲੋਂ ਸਕੂਲ ਵਿਚ ਇਕ ਸਾਦੇ ਸਮਾਗਮ ਦੌਰਾਨ ਖੋ-ਖੋ ਟੀਮ ਦੇ ਖਿਡਾਰੀਆਂ ਨੂੰ ਟਰੈਕ ਸੂਟ ਭੇਟ ਕਰਕੇ ਉਨ੍ਹਾਂ ਦਾ ਹੌਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਚੌਧਰੀ ਮੋਹਨ ਲਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਪਿੰਡਾਂ ਦੇ ਬੱਚਿਆਂ ਵਿਚ ਬੇਅੰਤ ਪ੍ਰਤਿਭਾ ਮੌਜੂਦ ਹੈ, ਜਿਸਨੂੰ ਸਹੀ ਮੌਕੇ ਅਤੇ ਮਾਰਗ ਦਰਸ਼ਨ ਦੀ ਲੋੜ ਹੈ | ਇਸ ਮੌਕੇ ਪਿੰਡ ਪੰਚਾਇਤ ਦੇ ਮੈਂਬਰਾਂ ਨੇ ਵੀ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ | ਇਸ ਮੌਕੇ ਸਰਪੰਚ ਮਧੂ ਬਾਲਾ, ਰਾਮ ਲਾਲ, ਜਿਊਣੀ ਦੇਵੀ, ਮੀਰਾ ਦੇਵੀ, ਸੋਮਾ ਦੇਵੀ, ਅੰਜਨਾ ਦੇਵੀ, ਜਗਮੋਹਨ ਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |