ਨੰਗਲ, 22 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਾਬਕਾ ਵਿਧਾਇਕ ਅਤੇ ਮਹਾਨ ਦੇਸ਼ ਭਗਤ ਪੰਡਿਤ ਰਾਮਕਿਸ਼ਨ ਭੜੋਲੀਆਂ ਦੀ 51ਵੀਂ ਬਰਸੀ ਅੱਡਾ ਮਾਰਕੀਟ ਵਿਖੇ ਮਨਾਈ ਗਈ | ਇਸ ਮੌਕੇ ਪਾਰਟੀ ਵਰਕਰਾਂ ਦਾ ਇਕੱਠ ਕੀਤਾ ਗਿਆ, ਜਿੱਥੇ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਡਿਤ ਜੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਅਹਿਮ ਯੋਗਦਾਨ ਪਾਇਆ ਅਤੇ ਅੰਗਰੇਜ਼ੀ ਹਕੂਮਤ ਦੀਆਂ ਜੇਲ੍ਹਾਂ ਕੱਟੀਆਂ | ਆਜ਼ਾਦੀ ਤੋਂ ਬਾਅਦ ਵੀ ਉਹ ਲੋਕ ਹੱਕਾਂ ਲਈ ਸੰਘਰਸ਼ ਕਰਦੇ ਰਹੇ ਅਤੇ ਮੁਜ਼ਾਰਿਆਂ ਨੂੰ ਮਾਲਕੀ ਹੱਕ ਦਿਵਾਉਣ ਸਮੇਤ ਇਲਾਕੇ ਦੇ ਮਸਲਿਆਂ ਨੂੰ ਵਿਧਾਨ ਸਭਾ ਵਿਚ ਜ਼ੋਰ-ਸ਼ੋਰ ਨਾਲ ਉਠਾਇਆ | ਉਨ੍ਹਾਂ ਨੇ ਸਾਦਗੀ ਭਰਿਆ ਜੀਵਨ ਜਿਉਂਦੇ ਹੋਏ ਲੋਕ ਸੇਵਾ ਨੂੰ ਆਪਣਾ ਮਕਸਦ ਬਣਾਇਆ | ਕਾਮਰੇਡ ਸੇਖੋਂ ਨੇ ਕਿਹਾ ਕਿ ਮੌਜੂਦਾ ਕੇਂਦਰ ਅਤੇ ਰਾਜ ਸਰਕਾਰਾਂ ਮਜ਼ਦੂਰਾਂ ਤੇ ਕਿਸਾਨਾਂ ਵਿਰੁੱਧ ਨੀਤੀਆਂ ਅਪਣਾ ਰਹੀਆਂ ਹਨ | ਉਨ੍ਹਾਂ ਐਲਾਨ ਕੀਤਾ ਕਿ ਪਾਰਟੀ ਵਲੋਂ 11 ਮਾਰਚ ਤੋਂ ਪੰਜਾਬ ਵਿਚ ਜਥਾ ਮਾਰਚ ਸ਼ੁਰੂ ਕੀਤਾ ਜਾਵੇਗਾ ਅਤੇ 24 ਮਾਰਚ ਨੂੰ ਦਿੱਲੀ ਵਿਚ ਵੱਡੀ ਰੈਲੀ ਕੀਤੀ ਜਾਵੇਗੀ | ਇਸ ਮੌਕੇ ਪੰਡਿਤ ਜੀ ਦੀ ਪੁੱਤਰੀ ਮਾਤਾ ਕੁਸ਼ੱਲਿਆ ਦੇਵੀ ਸਮੇਤ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ |