ਕਾਹਨਪੁਰ ਖੂਹੀ, 23 ਫਰਵਰੀ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਧਾਰਮਿਕ ਯਾਤਰਾ ਸਕੀਮ ਅਧੀਨ ਪਿੰਡ ਨਲਹੋਟੀ ਉੱਪਰਲੀ ਤੋਂ ਸ਼ਰਧਾਲੂਆਂ ਦੀ ਬੱਸ ਪਵਿੱਤਰ ਧਾਮ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਲਈ ਰਵਾਨਾ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕ ਦੀ ਟੀਮ ਤੇ ਪਿੰਡ ਦੇ ਮੁੱਖ ਪਤਵੰਤਿਆਂ ਵਲੋਂ ਯਾਤਰੀਆਂ ਨੂੰ ਸ਼ੁੱਭਕਾਮਨਾਵਾਂ ਭੇਟ ਕਰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਬੱਸ ਦੀ ਰਵਾਨਗੀ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਸਮੂਹ ਯਾਤਰੀਆਂ ਦੀ ਚੜ੍ਹਦੀ ਕਲਾ ਤੇ ਸੁਖਮਈ ਯਾਤਰਾ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ ਗਈ | ਇਸ ਦੌਰਾਨ ਪਿੰਡ ਵਾਸੀਆਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿਚ ਲੋਕ ਬੱਸ ਨੂੰ ਰਵਾਨਾ ਕਰਨ ਲਈ ਇਕੱਠੇ ਹੋਏ | ਇਸ ਮੌਕੇ ਪਿੰਡ ਦੇ ਬਜ਼ੁਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਧਾਰਮਿਕ ਯਾਤਰਾ ਯੋਜਨਾ ਪਿੰਡਾਂ ਦੇ ਆਮ ਲੋਕਾਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਮ ਜਨਤਾ ਦੀ ਭਲਾਈ ਲਈ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਲਾਗੂ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਸਰਪੰਚ ਹਰਮੇਸ਼ ਕੁਮਾਰ, ਬਲਵਿੰਦਰ ਕੌਰ, ਰਣਜੀਤ ਸਿੰਘ, ਕਮਲ ਸਿੰਘ ਪਾਠੀ, ਬਾਬਾ ਚੰਨਣ ਸਿੰਘ, ਰੇਸ਼ਮ ਸਿੰਘ, ਰਿੰਕੂ ਸਿੰਘ, ਜਸਵੀਰ ਸਿੰਘ ਨਲਹੋਟੀ, ਡਾਕਟਰ ਰਾਮ ਨਲਹੋਟੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ |