ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ)-ਅਕਾਲੀ ਬਾਬਾ ਫੂਲਾ ਸਿੰਘ ਸਪੋਰਟਸ ਕਲੱਬ ਸਿੰਬਲ ਮਾਜਰਾ ਵਲੋਂ ਪਿੰਡ ਦੇ ਖੇਡ ਮੈਦਾਨ ਵਿਚ ਕਰਵਾਏ ਗਏ ਵਾਲੀਬਾਲ ਤੇ ਕਬੱਡੀ ਕੱਪ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਅਤੇ ਨੌਜਵਾਨ ਖਿਡਾਰੀਆਂ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਵਲੋਂ ਇਹ ਟੂਰਨਾਮੈਂਟ ਆਯੋਜਿਤ ਕਰਵਾ ਕੇ ਮੁੜ ਤੋਂ ਆਪਣੇ ਇਲਾਕੇ ਦੇ ਵਿਚ ਪੰਜਾਬੀ ਖੇਡ ਮੇਲਿਆਂ ਦਾ ਰੁਤਬਾ ਕਾਇਮ ਕੀਤਾ ਹੈ | ਇਸ ਲਈ ਆਪਣੀ ਵਿਰਾਸਤ ਨੂੰ ਜੀਵਤ ਰੱਖਣ ਲਈ ਸਮੇਂ-ਸਮੇਂ 'ਤੇ ਅਜਿਹੇ ਖੇਡ ਮੇਲੇ ਕਰਵਾਉਣੇ ਚਾਹੀਦੇ ਹਨ | ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਹਰ ਪਿੰਡ ਵਿਚ ਖੇਡ ਮੈਦਾਨਾਂ ਅਤੇ ਜ਼ਰੂਰੀ ਸਹੂਲਤਾਂ ਦਾ ਵਿਕਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਅਤੇ ਉਨ੍ਹਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਮੋੜਿਆ ਜਾਵੇ | ਖੇਡਾਂ ਨਾਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਭਾਵਨਾ ਅਤੇ ਨੇਤ੍ਰਤਵ ਦੇ ਗੁਣ ਵੀ ਵਿਕਸਿਤ ਹੁੰਦੇ ਹਨ, ਜੋ ਜੀਵਨ ਵਿਚ ਅੱਗੇ ਵਧਣ ਲਈ ਬਹੁਤ ਜ਼ਰੂਰੀ ਹਨ | ਇਸ ਮੌਕੇ ਪ੍ਰਬੰਧਕਾਂ ਵਲੋਂ ਵਿਧਾਇਕ ਚੱਢਾ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸੁੱਖਾ ਕਨੇਡਾ, ਰਾਜਵੀਰ ਬੈਂਸ, ਅਮਨਪ੍ਰੀਤ ਭੱਠਲ, ਭੁਪਿੰਦਰ ਭੱਠਲ, ਰਵਿੰਦਰ ਗਿੱਲ, ਹਰਵਿੰਦਰ ਰੀਹਲ, ਪਰਵਿੰਦਰ ਰੀਹਲ ਪੋਲਾ, ਕੁਲਵਿੰਦਰ ਰੀਹਲ, ਬੰਟੀ ਜੇਤੇਵਾਲ, ਅਰਸ਼ ਕਨੇਡਾ, ਮੋਹਿਤ ਸਨੈਕਰ ਤੇ ਹੋਰ ਹਾਜ਼ਰ ਸਨ |