ਨੰਗਲ, 25 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੂਪਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ੋਨ ਦੇ ਕਾਲਜਾਂ ਦੇ ਵਿਦਿਆਰਥੀਆਂ ਦਾ ਅੰਤਰ ਕਾਲਜ ਯੂਵਕ ਮੇਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਕਾਲਜਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਸਿਮਰਨਜੀਤ ਸਿੰਘ ਭਿੰਬਰਾ, ਇੰਦਰ ਆਟੋ ਇੰਡਸਟਰੀ ਫੋਕਲ ਪੁਆਇੰਟ ਨਯਾ ਨੰਗਲ ਵਾਲਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਿਮਰਨਜੀਤ ਸਿੰਘ ਭਿੰਬਰਾ ਇਲਾਕੇ ਦੇ ਵੱਡੇ ਕਾਰੋਬਾਰੀ ਹਨ ਅਤੇ ਆਪਣੇ ਕੰਮ ਕਰਦੇ ਉਨ੍ਹਾਂ ਦੇਸ਼ਾਂ ਵਿਦੇਸ਼ਾਂ ਵਿਚ ਵਿਸ਼ੇਸ਼ ਨਾਮਣਾ ਖੱਟਿਆ ਹੈ | ਜਿੱਥੇ ਉਨ੍ਹਾਂ ਵਲੋਂ ਬਹੁਤ ਸਾਰੇ ਸਮਾਜ ਭਲਾਈ ਕਾਰਜਾਂ ਵਿਚ ਆਪਣਾ ਯੋਗਦਾਨ ਪਾਇਆ ਜਾਂਦਾ ਹੈ ਉੱਥੇ ਸਮੇਂ-ਸਮੇਂ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੂੰ ਉਨ੍ਹਾਂ ਦਾ ਬਹੁਤ ਸਹਿਯੋਗ ਮਿਲਦਾ ਰਹਿੰਦਾ ਹੈ | ਇਸ ਮੌਕੇ ਸਿਮਰਨਜੀਤ ਸਿੰਘ ਭਿੰਡਰਾਂ ਨੇ ਕਿਹਾ ਕਿ ਅਸਲ ਲੋੜਵੰਦਾਂ ਦੀ ਮਦਦ ਕਰਕੇ ਮਨ ਨੂੰ ਸਕੂਨ ਮਿਲਦਾ ਹੈ ਤੇ ਹਰੇਕ ਸਰ ਦੇ ਪੁੱਜਦੇ ਵਿਅਕਤੀ ਨੂੰ ਜ਼ਰੂਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ, ਸਟੱਡੀ ਸਰਕਲ ਦੇ ਓਵਰਸੀਜ਼ ਡਰੈਕਟਰ ਇੰਦਰਪਾਲ ਸਿੰਘ ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਰੈਕਟਰ ਆਈ. ਟੀ. ਹਰਮਿੰਦਰ ਸਿੰਘ ਨੰਗਲ ਵਲੋਂ ਸਾਂਝੇ ਤੌਰ 'ਤੇ ਸਨਮਾਨ ਨਿਸ਼ਾਨੀ ਦੇ ਕੇ ਸਿਮਰਨਜੀਤ ਸਿੰਘ ਭਿੰਬਰਾ ਦਾ ਸਨਮਾਨ ਕੀਤਾ |