ਨੂਰਪੁਰ ਬੇਦੀ, 26 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਮਿਲਕਫੈੱਡ ਪੰਜਾਬ ਵਲੋਂ ਬੀਤੇ ਦਿਨੀਂ ਦੁੱਧ ਦੇ ਰੇਟ ਘਟਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਯੂਨੀਅਨ ਪੰਜਾਬ, ਪਸ਼ੂ ਪਾਲਕਾਂ, ਕਿਸਾਨਾਂ ਤੇ ਭਾਈਚਾਰਕ ਜਥੇਬੰਦੀਆਂ ਵਲੋਂ ਚੱਲ ਰਹੇ ਤਿੱਖੇ ਸੰਘਰਸ਼ ਨੂੰ ਆਖ਼ਰਕਾਰ ਵੱਡੀ ਕਾਮਯਾਬੀ ਮਿਲੀ ਹੈ ਕਿਉਂਕਿ ਮਿਲਕਫੈੱਡ ਪੰਜਾਬ ਵਲੋਂ ਇੱਕ ਮਾਰਚ ਤੋਂ ਦੁੱਧ ਦੇ ਰੇਟਾਂ ਵਿਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾਣ ਦਾ ਭਰੋਸਾ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਮਿਲਕ ਪਲਾਂਟ ਮੋਹਾਲੀ ਵਲੋਂ ਦੁੱਧ ਦੇ ਰੇਟਾਂ ਵਿਚ ਤਿੰਨ ਰੁਪਏ ਪ੍ਰਤੀ ਲੀਟਰ ਦੀ ਕਮੀ ਕਰ ਦਿੱਤੀ ਗਈ ਸੀ, ਜਿਸ ਕਾਰਨ ਦੁੱਧ ਉਤਪਾਦਕਾਂ ਤੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਤੇ ਸੰਘਰਸ਼ ਜਾਰੀ ਸੀ | ਜਥੇਬੰਦੀ ਦੇ ਸੂਬਾ ਆਗੂ ਵੀਰ ਸਿੰਘ ਬੜਵਾ ਨੇ ਦੱਸਿਆ ਕਿ ਯੂਨੀਅਨ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਮਿਲਕਫੈੱਡ ਦੇ ਉੱਚ ਅਧਿਕਾਰੀਆਂ ਨਾਲ ਹੋਈ | ਮੀਟਿੰਗ ਦੌਰਾਨ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿਲ ਅਤੇ ਹੋਰ ਅਧਿਕਾਰੀਆਂ ਨੇ ਯੂਨੀਅਨ ਨੂੰ ਭਰੋਸਾ ਦਵਾਇਆ ਕਿ 1 ਮਾਰਚ 2026 ਤੋਂ ਦੁੱਧ ਦੇ ਰੇਟਾਂ ਵਿਚ ਪ੍ਰਤੀ ਲੀਟਰ 2 ਰੁਪਏ ਦਾ ਵਾਧਾ ਕੀਤਾ ਜਾਵੇਗਾ | ਯੂਨੀਅਨ ਨੇ ਮੰਗ ਕੀਤੀ ਕਿ ਸੀ.ਐਨ.ਐਫ. ਸਿਸਟਮ ਵਿਚ ਮੈਨੂਅਲ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਕੰਮਕਾਜ ਪ੍ਰਭਾਵਿਤ ਨਾ ਹੋਵੇ | ਇਸ ਸਬੰਧੀ ਵੀ ਮੰਗ ਪੱਤਰ ਚੇਅਰਮੈਨ ਨੂੰ ਸੌਂਪਿਆ ਗਿਆ ਅਤੇ ਜਲਦ ਨਿਪਟਾਰੇ ਦੀ ਅਪੀਲ ਕੀਤੀ ਗਈ | ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਾਕੀ ਮੰਗਾਂ 'ਤੇ ਵੀ ਜਲਦ ਕਾਰਵਾਈ ਨਾ ਹੋਈ ਤਾਂ ਸੰਘਰਸ਼ ਨੂੰ ਮੁੜ ਤੇਜ਼ ਕੀਤਾ | ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ, ਵੀਰ ਸਿੰਘ ਬੜਵਾ, ਭੁਪਿੰਦਰ ਸਿੰਘ (ਪ੍ਰਧਾਨ ਅੰਮਿ੍ਤਸਰ), ਸਤਨਾਮ ਸਿੰਘ ਮੁਹਾਲੀ, ਗੁਰਸਾਗਰ ਪ੍ਰੀਤ ਸਿੰਘ, ਮਨਦੀਪ ਸਿੰਘ ਸਮੇਤ ਹੋਰ ਕਈ ਆਗੂ ਮੌਜੂਦ ਰਹੇ |