ਨੂਰਪੁਰ ਬੇਦੀ, 9 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਪਿੰਡ ਹਿਆਤਪੁਰ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀਮਦ ਭਾਗਵਤ ਕਥਾ ਆਰੰਭ ਕਰਵਾਈ ਗਈ | ਅੱਜ ਕਥਾ ਦੌਰਾਨ ਕਥਾ ਵਿਆਸ ਪੰਡਿਤ ਆਚਾਰੀਆ ਜੀਵਾਨੰਦ ਸ਼ੈਲ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਧਾਰਮਿਕ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ | ਆਪਣੇ ਪ੍ਰਵਚਨਾਂ ਦੌਰਾਨ ਆਚਾਰਿਆ ਜੀਵਾਨੰਦ ਸ਼ੈਲ ਨੇ ਕਿਹਾ ਕਿ ਮਨੁੱਖੀ ਜੀਵਨ ਪਰਮਾਤਮਾ ਦੀ ਅਨਮੋਲ ਬਖ਼ਸ਼ਿਸ਼ ਹੈ ਅਤੇ ਇਸ ਜੀਵਨ ਦਾ ਸਹੀ ਮਕਸਦ ਭਗਤੀ, ਸਦਕਰਮ ਅਤੇ ਨਿਮਰਤਾ ਦੇ ਰਾਹ 'ਤੇ ਚੱਲਣਾ ਹੈ | ਉਨ੍ਹਾਂ ਕਿਹਾ ਕਿ ਜਿਹੜਾ ਮਨੁੱਖ ਸੱਚੇ ਮਨ ਨਾਲ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਆਪਣੇ ਜੀਵਨ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਆਸਾਨੀ ਨਾਲ ਪਾਰ ਕਰ ਲੈਂਦਾ ਹੈ | ਉਨ੍ਹਾਂ ਦੱਸਿਆ ਕਿ ਭਗਵਾਨ ਦੀ ਭਗਤੀ ਮਨ ਨੂੰ ਪਵਿੱਤਰ ਬਣਾਉਂਦੀ ਹੈ ਅਤੇ ਮਨੁੱਖ ਨੂੰ ਸਹੀ ਰਾਹ ਦਿਖਾਉਂਦੀ ਹੈ | ਸਦਕਰਮ ਮਨੁੱਖ ਦੇ ਜੀਵਨ ਦੀ ਸਭ ਤੋਂ ਵੱਡੀ ਪੁੰਜੀ ਹੁੰਦੀ ਹੈ | ਮਨੁੱਖ ਨੂੰ ਹਮੇਸ਼ਾ ਹੋਰਨਾਂ ਦੀ ਮਦਦ ਕਰਨ, ਸੱਚ ਬੋਲਣ ਅਤੇ ਧਰਮ ਦੇ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਜਿਹੜਾ ਮਨੁੱਖ ਨਿਸ਼ਕਾਮ ਭਾਵਨਾ ਨਾਲ ਭਲਾਈ ਦੇ ਕੰਮ ਕਰਦਾ ਹੈ, ਉਸ 'ਤੇ ਪਰਮਾਤਮਾ ਦੀ ਕਿਰਪਾ ਬਣੀ ਰਹਿੰਦੀ ਹੈ |