ਜ਼ੀਰਕਪੁਰ, 9 ਮਾਰਚ (ਮਨਿੰਦਰ ਸਿੰਘ)-ਹੋਲੀ ਵਾਲੇ ਦਿਨ ਢਕੌਲੀ ਦੀ ਓਪੇਰਾ ਗਾਰਡਨ ਸੁਸਾਇਟੀ ਦੇ ਬਾਹਰ ਦੋ ਗੁੱਟਾਂ ਵਿਚ ਹੋਈ ਲੜਾਈ ਦੌਰਾਨ ਇਕ ਸੇਵਾ-ਮੁਕਤ ਕਰਨਲ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ | ਪੁਲਿਸ ਨੇ ਕੁਝ ਨਾਮੀ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਰਨਲ ਸੰਜੇ ਖੱਤਰੀ ਵਾਸੀ ਓਪੇਰਾ ਗਾਰਡਨ ਸੁਸਾਇਟੀ ਨੇ ਦੱਸਿਆ ਕਿ ਉਹ 4 ਮਾਰਚ ਨੂੰ ਸ਼ਾਮ ਦੇ 7 ਵਜੇ ਦੇ ਕਰੀਬ ਸੁਸਾਇਟੀ ਵਿਚ ਘੁੰਮ ਰਿਹਾ ਸੀ ਅਤੇ ਇਸੇ ਦੌਰਾਨ ਜਦੋਂ ਉਹ ਮੁੱਖ ਗੇਟ 'ਤੇ ਪੁੱਜਿਆ ਤਾਂ ਉਸ ਨੇ ਬੂਮ ਬੈਰੀਅਰ ਦੇ ਨੇੜੇ ਲਗਭਗ 10-12 ਲੋਕਾਂ ਨੂੰ ਲੜਦੇ- ਝਗੜਦੇ ਦੇਖਿਆ | ਸੁਸਾਇਟੀ ਦੇ ਸੁਰੱਖਿਆ ਸੁਪਰਵਾਈਜ਼ਰ ਸੰਜੇ ਯਾਦਵ ਤੇ ਗਾਰਡ ਰਾਜੇਸ਼ ਸ਼ਰਮਾ ਵੀ ਮੌਕੇ 'ਤੇ ਮੌਜੂਦ ਸਨ | ਸੰਜੇ ਖੱਤਰੀ ਦੇ ਅਨੁਸਾਰ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੋ ਗੁੱਟਾਂ ਵਿਚਕਾਰ ਲੜਾਈ ਹੋ ਰਹੀ ਸੀ, ਜਿਨ੍ਹਾਂ 'ਚੋਂ ਇਕ ਪਾਸੇ ਸ਼ੰਮੀ ਦਾ ਪੁੱਤਰ ਤੇ ਉਸ ਦੇ ਦੋਸਤ ਸਨ, ਜਦਕਿ ਦੂਜੇ ਪਾਸੇ ਰਾਮੂ ਤੇ ਉਸ ਦੇ ਦੋਸਤ ਸਨ | ਇਸ ਦੌਰਾਨ ਜਦੋਂ ਕੁਝ ਲੋਕਾਂ ਨੇ ਸੁਸਾਇਟੀ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਗਾਰਡ ਰਾਜੇਸ਼ ਸ਼ਰਮਾ ਨੇ ਉਨ੍ਹਾਂ ਨੂੰ ਰੋਕ ਦਿੱਤਾ | ਦੋਸ਼ ਹੈ ਕਿ ਇਸ ਤੋਂ ਦੁੱਖੀ ਹੋ ਕੇ ਮੁਲਜ਼ਮਾਂ ਨੇ ਗਾਰਡ ਨੂੰ ਘੇਰ ਲਿਆ ਅਤੇ ਡੰਡਿਆਂ ਤੇ ਇੱਟਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ | ਜਦੋਂ ਸੰਜੇ ਖੱਤਰੀ ਤੇ ਸੇਵਾ-ਮੁਕਤ ਫਲਾਇੰਗ ਅਫ਼ਸਰ ਰਮੇਸ਼ ਕੁਮਾਰ ਗਾਰਡ ਨੂੰ ਬਚਾਉਣ ਲਈ ਅੱਗੇ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ | ਹਮਲਾਵਰਾਂ ਨੇ ਦੋਵਾਂ 'ਤੇ ਡੰਡਿਆਂ ਤੇ ਇੱਟਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ | ਸੁਸਾਇਟੀ ਦੇ ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ-21 ਦੇ ਹਸਪਤਾਲ ਵਿਖੇ ਦਾਖਲ ਕਰਵਾਇਆ | ਸ਼ਿਕਾਇਤ ਦੇ ਆਧਾਰ 'ਤੇ ਢਕੌਲੀ ਪੁਲਿਸ ਨੇ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |