ਨੰਗਲ, 11 ਮਾਰਚ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੇ ਸ਼ਿਵਾਲਿਕ ਐਵੇਨਿਊ ਦੀ ਰਹਿਣ ਵਾਲੀ ਜਪਲੀਨ ਕੌਰ ਨੇ ਯੂ.ਪੀ.ਐਸ.ਸੀ. ਵਿਚ ਪੂਰੇ ਭਾਰਤ ਵਿਚ 388ਵਾਂ ਰੈਂਕ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਸ਼ਿਵਾਲਿਕ ਯੂਥ ਕਲੱਬ ਦੇ ਅਹੁਦੇਦਾਰਾਂ ਵਲੋਂ ਅੱਜ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਸ਼ਹੀਦ ਕੈਪਟਨ ਅਮੋਲ ਕਾਲੀਆ ਸਕੂਲ ਤੋਂ 10ਵੀਂ ਅਤੇ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ, ਉਸਨੇ ਥਾਪਰ ਯੂਨੀਵਰਸਿਟੀ ਤੋਂ ਇਲੈਕਟ੍ਰਾਨਿਕਸ ਵਿਚ ਬੀ.ਟੈੱਕ ਸ਼ਾਨਦਾਰ ਢੰਗ ਨਾਲ ਪਾਸ ਕੀਤਾ | ਇਸ ਮੌਕੇ ਉਨ੍ਹਾਂ ਦੀ ਮਾਤਾ ਸ੍ਰੀਮਤੀ ਪ੍ਰਭਜੋਤ ਕੌਰ, ਜੋ ਕਿ ਸਰਕਾਰੀ ਸਕੂਲ ਨੰਗਲ (ਲੜਕੇ) ਤੋਂ ਸੇਵਾਮੁਕਤ ਲੈਕਚਰਾਰ (ਅਰਥ ਸ਼ਾਸਤਰ) ਹੈ ਨੇ ਦੱਸਿਆ ਕਿ ਜਪਲੀਨ ਕੌਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਲ ਕੀਤਾ ਹੈ | ਇਸ ਮੌਕੇ ਕੌਂਸਲਰ ਦੀਪਕ ਨੰਦਾ ਅਤੇ ਸ਼ਿਵਾਲਿਕ ਯੂਥ ਕਲੱਬ ਦੇ ਪ੍ਰਧਾਨ ਸੌਰਭ ਗੁਪਤਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦੀ ਧੀ ਨੇ ਆਪਣੀ ਮਿਹਨਤ ਅਤੇ ਬੁੱਧੀ ਨਾਲ ਇਹ ਮੁਕਾਮ ਹਾਸਲ ਕਰਕੇ ਆਪਣੇ ਇਲਾਕੇ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਜਪਲੀਨ ਕੌਰ ਨੇ ਕਿਹਾ ਕਿ ਇਸ ਅਹੁਦੇ ਨੂੰ ਪ੍ਰਾਪਤ ਕਰਨ ਵਿਚ ਖ਼ਾਸ ਕਰਕੇ ਉਸਦੀ ਮਾਂ ਅਤੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਉਸਦੇ ਪਿਤਾ (ਜੋ ਕਿ ਐਨ.ਐਫ. ਐਲ. ਵਿਚ ਕੰਮ ਕਰਦੇ ਸਨ) ਦੇ ਜਲਦੀ ਦਿਹਾਂਤ ਤੋਂ ਬਾਅਦ, ਉਸਦੀ ਮਾਂ ਨੇ ਉਸਨੂੰ ਬਹੁਤ ਸਮਝਦਾਰੀ ਅਤੇ ਮਿਹਨਤ ਨਾਲ ਪਾਲਿਆ ਅਤੇ ਉਸਨੂੰ ਚੰਗੀ ਤਰ੍ਹਾਂ ਸਿੱਖਿਆ ਵੀ ਦਿੱਤੀ ਜਿਸ ਕਾਰਨ ਉਹ ਅੱਜ ਇਸ ਅਹੁਦੇ 'ਤੇ ਪਹੁੰਚੀ ਹੈ | ਇਸ ਮੌਕੇ ਜਤਿੰਦਰ ਕੁਮਾਰ ਦੱਤਾ, ਪੀ.ਐਸ. ਸੈਣੀ, ਬਹੁਲ ਨੰਦਾ, ਤੁਸ਼ਾਰ ਨੰਦਾ ਵੀ ਮੌਜੂਦ ਸਨ |