ਨੂਰਪੁਰ ਬੇਦੀ, 11 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਆਯੁਰਵੈਦਿਕ ਅਰੀਨਾ ਬੱਡਲ ਉਪਰਲਾ ਵਲੋਂ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿਚ ਜੰਗਲਾਤੀ ਮਾਹੌਲ ਅੰਦਰ ਆਯੁਰਵੈਦਿਕ ਸੰਭਾਸ਼ ਅਤੇ ਵਮਨ ਰਿਟ੍ਰੀਟ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 20 ਆਯੁਰਵੈਦਿਕ ਡਾਕਟਰਾਂ ਨੇ ਭਾਗ ਲਿਆ | ਕੈਂਪ ਦੌਰਾਨ 6 ਵਿਅਕਤੀਆਂ 'ਤੇ ਵਮਨ ਪ੍ਰਕਿਰਿਆ ਦਾ ਪ੍ਰਦਰਸ਼ਨ ਕਰਕੇ ਡਾਕਟਰਾਂ ਨੂੰ ਇਸ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਨੈਸ਼ਨਲ ਮੈਡੀਸੀਨਲ ਪਲਾਂਟਸ ਬੋਰਡ ਦੇ ਡਾਇਰੈਕਟਰ ਡਾ. ਅਰੁਣ ਚੰਦਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਗੈਸਟ ਸਪੀਕਰ ਡਾ. ਸੰਦੀਪ ਰਾਜਪੂਤ (ਮੁੰਬਈ) ਨੇ ਆਯੁਰਵੈਦਿਕ ਗ੍ਰੰਥਾਂ ਦੇ ਅਧਿਐਨ ਅਤੇ ਸ਼ੁੱਧ ਆਯੁਰਵੈਦਿਕ ਇਲਾਜ ਬਾਰੇ ਵਿਚਾਰ ਸਾਂਝੇ ਕੀਤੇ, ਜਦਕਿ ਡਾ. ਨਿਤਿਨ ਧਰੁਵ ਨੇ ਆਪਣੇ ਰਿਸਰਚ ਵਿਸ਼ੇ ''ਏਜ ਰਿਵਰਸਲ'' ਬਾਰੇ ਜਾਣਕਾਰੀ ਦਿੱਤੀ | ਕੈਂਪ ਦੌਰਾਨ ਸਾਤਵਿਕ ਭੋਜਨ ਮਿੱਟੀ ਦੇ ਬਰਤਨਾਂ ਵਿਚ ਪਰੋਸਿਆ ਗਿਆ ਅਤੇ ਪ੍ਰੋਗਰਾਮ ਨੂੰ ਪਲਾਸਟਿਕ ਮੁਕਤ ਰੱਖਿਆ ਗਿਆ | ਅੰਤ ਵਿਚ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ | ਆਯੁਰਵੈਦਿਕ ਅਰੀਨਾ ਦੇ ਡਾਇਰੈਕਟਰ ਡਾ. ਗੁਰਪ੍ਰਕਾਸ਼ ਸਿੰਘ ਅਤੇ ਡਾ. ਅਰਸ਼ੀਆ ਮਹਾਜਨ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ |