ਨੰਗਲ, 27 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਲੀਜ਼ ਦੀ 'ਨਾਸੂਰ ਸਮੱਸਿਆ' ਦਾ ਕੋਈ ਯੋਗ ਹੱਲ ਨਾ ਹੋਣ ਕਾਰਨ ਨੰਗਲ ਦੇ ਇਕ ਹਜ਼ਾਰ ਪਰਿਵਾਰ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਹੇ ਹਨ | ਨੰਗਲ ਦੇ ਕੁੱਲ ਰਕਬੇ ਦਾ 90% ਹਿੱਸਾ ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਅਧੀਨ ਹੈ | ਭਾਖੜਾ ਡੈਮ ਦੇ ਨਿਰਮਾਣ ਸਮੇਂ (1948-1963) ਜੰਗਲ ਕੱਟ ਕੇ ਨੰਗਲ ਵਾਸਿਆ ਗਿਆ | ਲੋਕਾਂ ਨੂੰ ਘਰੋਂ ਸੱਦ ਸੱਦ ਕੇ ਨਾ ਸਿਰਫ ਸਰਕਾਰੀ ਨੌਕਰੀ ਦਿੱਤੀ ਗਈ ਸਗੋਂ ਬਹੁਤ ਹੀ ਸਸਤੀ (ਢੀਮ ਨਾਲ ਸਹੇ ਦਾ ਸ਼ਿਕਾਰ) ਲੀਜ਼ 'ਤੇ ਦੁਕਾਨਾਂ, ਪਲਾਟ, ਘਰ, ਕੋਠੀਆਂ ਆਦਿ ਅਲਾਟ ਕੀਤੇ ਗਏ | ਮੇਨ ਮਾਰਕੀਟ 'ਚ 452, ਪਹਾੜੀ ਮਾਰਕੀਟ 'ਚ 229, ਮਹਾਂਵੀਰ ਮਾਰਕੀਟ 'ਚ 65, ਕਿਲਨ ਏਰੀਆ 'ਚ ਤਕਰੀਬਨ 100 ਲੀਜ਼ ਧਾਰਕ ਹਨ | ਗੋਲ ਮਾਰਕੀਟ, ਛਾਭੜਾ ਮਾਰਕੀਟ. ਪੀ.ਆਰ.ਓ., ਅੱਡਾ ਮਾਰਕੀਟ 'ਚ ਵੀ ਲੀਜ਼ ਧਾਰਕ ਹਨ | ਵੱਡੀ ਗਿਣਤੀ 'ਚ ਧਾਰਕਾਂ ਦੀ ਲੀਜ਼ ਰੱਦ ਕਰਕੇ ਬੀ. ਬੀ. ਐਮ. ਬੀ. ਵਲੋਂ ਵੱਖ-ਵੱਖ ਅਦਾਲਤਾਂ 'ਚ ਕੇਸ ਪਾਏ ਗਏ ਹਨ | ਭਵਿੱਖ 'ਚ ਕੀ ਹੋਵੇਗਾ ਇਹ ਤਾਂ ਅਦਾਲਤਾਂ ਨੇ ਹੀ ਤੈਅ ਕਰਨਾ ਹੈ ਪਰ ਅੱਜ ਦੀ ਤਰੀਕ 'ਚ ਦੁਕਾਨਦਾਰਾਂ ਨੂੰ ਸੁਪਨੇ 'ਚ ਵੀ ਪੀਲਾ ਪੰਜਾ ਅਤੇ ਬੁਲਡੋਜ਼ਰ ਦਿਖਦਾ ਹੈ | ਬੀ. ਬੀ. ਐਮ. ਬੀ. ਵਲੋਂ ਲੀਜ਼ ਰੱਦ ਕਰਨ ਬਾਰੇ ਇਹ ਤਰਕ ਦਿੱਤਾ ਗਿਆ ਹੈ ਕਿ ਲੀਜ਼ ਧਾਰਕਾਂ ਨੇ ਵਾਧੂ ਉਸਾਰੀ/ ਮੂਲ ਢਾਂਚੇ ਨਾਲ ਛੇੜਛਾੜ, 4-4 ਮੰਜਿਲਾ ਬਣਾ ਕੇ, ਵਰਾਂਡੇ ਦੱਬ ਕੇ ਦੁਕਾਨਾਂ ਦੇ ਪਿਛਲੇ ਪਾਸੇ ਮੋਟੇ ਰੈਂਟ 'ਤੇ ਦੇ ਕੇ ਦੁਕਾਨਾਂ ਅੱਗੇ ਤੋਂ ਅੱਗੇ ਬਿਨਾਂ ਰਜਿਸਟਰੀ ਵੇਚ ਕੇ ਲੀਜ਼ ਸਮਝੌਤੇ ਦੀ ਉਲੰਘਣਾ ਕੀਤੀ ਹੈ | ਦੁਕਾਨਦਾਰਾਂ ਦਾ ਤਰਕ ਹੈ ਕਿ ਪਰਿਵਾਰ ਵੱਡੇ ਹੋਣ ਕਾਰਨ ਅਜਿਹਾ ਕਰਨਾ ਸਮੇਂ ਦੀ ਲੋੜ ਸੀ | ਨਰਿੰਦਰ ਕਾਲਰਾ, ਰਵਿੰਦਰ ਗੌਲਡੀ, ਰਾਕੇਸ਼ ਸ਼ਰਮਾ, ਸੁਧੀਰ ਛਾਬੜਾ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਅਸੀਂ ਬੀ. ਬੀ. ਐਮ. ਬੀ. ਨਾਲ ਨਵੇਂ ਰੇਟਾਂ 'ਤੇ ਲੀਜ਼ ਕਰਨ ਲਈ ਤਿਆਰ ਹਾਂ, ਬਸ਼ਰਤੇ ਲੀਜ਼ ਰੈਂਟ ਦਿੱਲੀ, ਗੁੜਗਾਓਾ ਵਾਲਾ ਨਾ ਹੋਵੇ | ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਜਿਹੜੀ ਜ਼ਮੀਨ ਦਾ ਪ੍ਰਾਜੈਕਟ ਨਾਲ ਸੰਬੰਧ ਨਹੀਂ ਜਾਂ ਬੀ. ਬੀ. ਐਮ. ਬੀ. ਕੋਲ ਖਾਲੀ ਪਈ ਹੈ, ਉਹ ਮਾਲਕਾਂ ਨੂੰ ਵਾਪਸ ਕੀਤੀ ਜਾਵੇਗੀ, ਜਿਨ੍ਹਾਂ ਤੋਂ ਸਰਕਾਰ ਨੇ ਭਾਖੜਾ ਡੈਮ ਦੀ ਉਸਾਰੀ ਸਮੇਂ ਪ੍ਰਾਪਤ ਕੀਤੀ ਸੀ | ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਰੂਪਨਗਰ ਤੇ ਸ੍ਰੀ ਗੁਰੂ ਰਵੀਦਾਸ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੇ ਕਿਹਾ ਕਿ ਬੀ. ਬੀ. ਐਮ. ਬੀ. ਕੋਲ ਲੀਜ਼ ਲੈਣ ਜਾਂ ਰੱਦ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਕਿਉਂਕਿ ਜ਼ਮੀਨ ਦੀ ਅਸਲ ਮਾਲਕ ਪੰਜਾਬ ਸਰਕਾਰ ਹੈ | ਆਰ. ਟੀ. ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਅਦਾਲਤਾਂ ਦੇ ਹੁਕਮ ਅਨੁਸਾਰ ਬੀ. ਬੀ. ਐਮ. ਬੀ. ਰਾਣਾ ਰਣਬਹਾਦਰ ਦੀ ਚੱਕੀ ਤੇ ਸ਼ਿਵਾਲਿਕ ਸਿਨੇਮਾ 'ਤੇ ਬੁਲਡੋਜ਼ਰ ਫੇਰ ਚੁੱਕਾ ਹੈ | ਲੋਕ ਡਰੇ ਹੋਏ ਹਨ, ਕਿਉਂਕਿ ਨਿੱਤ ਨਵੇਂ ਨੋਟਿਸ ਆ ਰਹੇ ਹਨ | ਸਾਬਕਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੀਜ਼ ਮਸਲੇ ਦੇ ਹੱਲ ਲਈ ਗੰਭੀਰ ਯਤਨ ਕੀਤੇ ਸਨ, ਪਰ ਇਹ ਮਸਲਾ ਕਈ ਸਿਆਸੀ ਹਸਤੀਆਂ ਨੇ ਉਲਝਾਅ ਦਿੱਤਾ ਹੈ | ਇਸ ਦੌਰਾਨ ਨੰਗਲ ਦੇ ਇਕ ਵਿਅਕਤੀ ਨੇ ਲੋਕ ਭਲਾਈ ਹਿੱਤ ਬਿਨਾਂ ਲਾਭ ਤੋਂ ਸਰਕਾਰੀ ਜ਼ਮੀਨ 'ਤੇ ਖੋਖਾ ਰੱਖਣ ਬਾਰੇ ਪੰਜਾਬ ਸਰਕਾਰ ਤੋਂ ਪ੍ਰਵਾਨਗੀ ਮੰਗੀ ਪਰ ਨਹੀਂ ਮਿਲੀ |