ਰੂਪਨਗਰ, 28 ਮਾਰਚ (ਗੁਰਪ੍ਰੀਤ ਸਿੰਘ ਹੁੰਦਲ)-ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਸ੍ਰੀਮਤੀ ਅਨਿੰਦਿਤਾ ਮਿੱਤਰਾ ਵਲੋਂ ਅੱਜ ਜ਼ਿਲ੍ਹਾ ਰੂਪਨਗਰ ਦੇ ਈ.ਵੀ.ਐੱਮ/ਵੀ.ਵੀ.ਪੈਟ ਦੀ ਮਸ਼ੀਨਾਂ ਵਾਲੇ ਵੇਅਰਹਾਊਸ ਦੀ ਤਿਮਾਹੀ ਪੜਤਾਲ ਕੀਤੀ ਗਈ, ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਅਵਿਕੇਸ਼ ਗੁਪਤਾ ਵੀ ਹਾਜ਼ਰ ਸਨ | ਸ੍ਰੀਮਤੀ ਅਨਿੰਦਿਤਾ ਮਿੱਤਰਾ ਵਲੋਂ ਇਸ ਦੌਰਾਨ ਵੇਅਰਹਾਊਸ ਵਿਚ ਸਟੋਰ ਕੀਤੀਆਂ ਗਈਆਂ ਮਸ਼ੀਨਾਂ ਅਤੇ ਸੁਰੱਖਿਆ ਪ੍ਰਬੰਧਾਂ ਦਾ ਨਿਰੀਖਣ ਵੱਖ-ਵੱਖ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਮੈਂਬਰਾਂ ਦੀ ਮੌਜੂਦਗੀ ਵਿਚ ਕੀਤਾ ਗਿਆ | ਇਸ ਨਿਰੀਖਣ ਵਿਚ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਨੁਮਾਇੰਦੇ - ਆਮ ਆਦਮੀ ਪਾਰਟੀ ਤੋਂ ਸੰਦੀਪ ਜੋਸ਼ੀ, ਭਾਰਤੀ ਜਨਤਾ ਪਾਰਟੀ ਤੋਂ ਜਰਨੈਲ ਸਿੰਘ ਭਾਊਵਾਲ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਭੁਪਿੰਦਰ ਸਿੰਘ, ਸੀ.ਪੀ.ਆਈ.ਐੱਮ ਤੋਂ ਗੁਰਦੇਵ ਸਿੰਘ ਬਾਗੀ, ਬਹੁਜਨ ਸਮਾਜ ਪਾਰਟੀ ਤੋਂ ਸੁਰਜੀਤ ਲਾਲ ਅਤੇ ਦੌਲਤ ਸਿੰਘ ਵਲੋਂ ਹਿੱਸਾ ਲਿਆ ਗਿਆ | ਇਸ ਉਪਰੰਤ ਮੁੱਖ ਚੋਣ ਅਫਸਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਵਲੋਂ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ, ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ, ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜ਼ਿਸਟਰੇਸ਼ਨ ਅਫਸਰ ਅਤੇ ਸਹਾਇਕ ਚੋਣਕਾਰ ਰਜ਼ਿਸਟਰੇਸ਼ਨ ਅਫਸਰ 1 ਅਤੇ 2 ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਦੀ ਮੁਹਿੰਮ ਅਧੀਨ ਚੱਲ ਰਹੀ ਵੋਟਰ ਮੈਪਿੰਗ ਅਤੇ ਸਮੇਂ-ਸਮੇਂ ਸਿਰ ਜਾਣ ਵਾਲੀਆਂ ਹੋਰ ਦਫਤਰੀ ਰਿਪੋਰਟਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਮੀਟਿੰਗ ਵਿਚ ਹਾਜ਼ਰ ਹੋਏ ਸਮੂਹ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ-2026 ਦਾ ਕੰਮ ਬਹੁਤ ਜਲਦ ਸ਼ੁਰੂ ਹੋ ਰਿਹਾ ਹੈ ਇਸ ਲਈ ਇਸਦੀ ਮਹੱਤਤਾ ਨੂੰ ਦੇਖਦੇ ਹੋਏ ਆਪਣੇ-ਆਪਣੇ ਪੱਧਰ ਤੇ ਤਿਆਰੀਆਂ ਮੁਕੰਮਲ ਕਰ ਲੈਣ | ਸ੍ਰੀਮਤੀ ਅਨਿੰਦਿਤਾ ਮਿੱਤਰਾ ਵਲੋਂ ਇਸ ਤੋਂ ਇਲਾਵਾ ਸਮੂਹ ਈ.ਆਰ.ਓਜ਼ ਆਪਣੇ-ਆਪਣੇ ਅਧੀਨ ਆਉਂਦੇ ਬੀ.ਐਲ.ਓਜ਼ ਨਾਲ ਮੀਟਿੰਗ ਕਰਕੇ ਵੋਟਰ ਮੈਪਿੰਗ ਦਾ ਕੰਮ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸ਼ੁਰੂ ਹੋਣ ਤੋਂ ਪਹਿਲਾ-ਪਹਿਲਾ ਜਲਦ 100 ਫ਼ੀਸਦੀ ਪੂਰਾ ਕਰਵਾਉਣ | ਉਨ੍ਹਾਂ ਵਲੋਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸਬੰਧੀ ਕੀਤੀਆਂ ਕਾਰਵਾਈਆਂ ਅਤੇ ਹਦਾਇਤਾ ਬਾਰੇ ਸੰਖੇਪ ਰੂਪ ਵਿਚ ਜਾਣੂ ਕਰਵਾਉਂਦਿਆ ਸਮੇਂ ਸਿਰ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ | ਮੀਟਿੰਗ ਵਿਚ ਉਨ੍ਹਾਂ ਵਲੋਂ ਆਮ ਜਨਤਾ ਨੂੰ ਸਪੈਸ਼ਲ ਇੰਟੈਂਸਿਵ ਰਿਵੀਜ਼ਨ - 2026 ਦੇ ਕੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਹ ਕੰਮ ਸੂਚਾਰੂ ਢੰਗ ਨਾਲ ਅਤੇ ਭਾਰਤ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਸਮੇ ਸਿਰ ਨੇਪੜੇ ਚੜ੍ਹਾਇਆ ਜਾ ਸਕੇ | ਇਸ ਮੀਟਿੰਗ ਐਸ.ਪੀ. ਹੈੱਡਕੁਆਟਰ ਅਰਵਿੰਦ ਮੀਨਾ, ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸੁਖਪਾਲ ਸਿੰਘ, ਐਸ.ਡੀ.ਐਮ. ਰੂਪਨਗਰ ਜਸਪ੍ਰੀਤ ਸਿੰਘ, ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਪਰਦੀਪ ਸਿੰਘ ਬੈਂਸ, ਚੋਣ ਤਹਿਸੀਲਦਾਰ ਰੂਪਨਗਰ ਪਲਵਿੰਦਰ ਸਿੰਘ ਬੈਂਸ, ਐਸ.ਐਚ.ਓ ਸਿਟੀ ਥਾਣਾ ਰੂਪਨਗਰ ਪਵਨ ਚੌਧਰੀ ਅਤੇ ਚੋਣ ਦਫ਼ਤਰ ਰੂਪਨਗਰ ਦੇ ਕਈ ਹੋਰ ਕਰਮਚਾਰੀ ਵੀ ਸ਼ਾਮਿਲ ਹੋਏ |