ਨੂਰਪੁਰ ਬੇਦੀ, 28 ਮਾਰਚ (ਵਿੰਦਰਪਾਲ ਝਾਂਡੀਆਂ)-ਪਿੰਡ ਰਾਏਪੁਰ ਮੁੰਨੇ ਵਿਖੇ ਸਥਿਤ ਬਾਬਾ ਜਵਾਹਰ ਸਿੰਘ ਦੇ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਕਾ ਖੂਹ ਵਿਚ ਸਲਾਨਾ ਤਿੰਨ ਦਿਨਾਂ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਬਾਬਾ ਬਰਜਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਦੀ ਅਗਵਾਈ 'ਚ ਸ਼ਰਧਾ ਨਾਲ ਮਨਾਇਆ ਗਿਆ | ਜਿਸ ਵਿਚ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਨਤਮਸਤਕ ਹੋਈਆਂ | ਮੇਲੇ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਧਾਰਮਿਕ ਦੀਵਾਨ ਸਜਾਏ ਗਏ | ਜਿਸ 'ਚ ਆਖ਼ਰੀ ਦਿਨ ਪ੍ਰਸਿੱਧ ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਅਤੇ ਜਗਾਧਰੀ ਵਾਲੀਆਂ ਬੀਬੀਆਂ ਦੇ ਜਥਿਆਂ ਵਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਮੇਲੇ 'ਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਹਾਜ਼ਰੀ ਭਰੀ | ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਗੁਰਬਾਣੀ ਦੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਦਿੰਦੇ ਹਨ ਅਤੇ ਸੇਵਾ, ਸਿਮਰਨ ਤੇ ਸੰਗਤ ਦੇ ਮਹੱਤਵ ਨੂੰ ਸਮਝਾਉਂਦੇ ਹਨ | ਮੰਚ ਦਾ ਸੰਚਾਲਨ ਇੰਟਰਨੈਸ਼ਨਲ ਢਾਡੀ ਗਿਆਨੀ ਭੁਪਿੰਦਰ ਸਿੰਘ ਢਾਹਾਂ ਨੇ ਕੀਤਾ |
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਗੁਰ ਕਾ ਖੂਹ ਰਾਏਪੁਰ ਮੁੰਨੇ ਵਿਖੇ ਧਾਰਮਿਕ ਜੋੜ ਮੇਲੇ 'ਚ ਕੀਤੀ ਸ਼ਿਰਕਤ
ਅਜੀਤ ਡੈਸਕ
29-03-2026