ਨੂਰਪੁਰ ਬੇਦੀ, 28 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਹਲਕਾ ਰੂਪਨਗਰ ਅੰਦਰ ਵਿਕਾਸ ਕੰਮਾਂ ਨੂੰ ਨਵੀਂ ਗਤੀ ਮਿਲ ਰਹੀ ਹੈ | ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਖੇਤਰ ਦੇ ਵੱਖ-ਵੱਖ ਪਿੰਡਾਂ ਦੀਆਂ ਸੰਪਰਕ ਸੜਕਾਂ ਅਤੇ ਮੁੱਖ ਸੜਕਾਂ ਦੇ ਨਵ ਨਿਰਮਾਣ ਦੇ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰਵਾ ਦਿੱਤੇ ਗਏ ਹਨ | ਇਸ ਪ੍ਰੋਜੈਕਟ ਤਹਿਤ ਇਲਾਕੇ ਦੇ ਪਿੰਡਾਂ ਨੂੰ ਇੱਕ-ਦੂਜੇ ਨਾਲ ਵਧੀਆ ਢੰਗ ਨਾਲ ਜੋੜਨ ਲਈ ਸੜਕਾਂ ਨੂੰ ਮਜ਼ਬੂਤ ਅਤੇ 18 ਫੁੱਟ ਚੌੜਾ ਕਰਨ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ | ਸੰਬੰਧਿਤ ਵਿਭਾਗਾਂ ਵਲੋਂ ਇਹ ਕੰਮ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ, ਜਿਸ ਵਿਚ ਪੁਰਾਣੀਆਂ ਅਤੇ ਖ਼ਰਾਬ ਹੋ ਚੁੱਕੀਆਂ ਸੜਕਾਂ ਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ ਹੈ | ਖ਼ਾਸ ਕਰਕੇ ਪਿੰਡਾਂ ਦੀਆਂ ਸੰਪਰਕ ਸੜਕਾਂ ਨੂੰ ਚੌੜਾ ਕਰਨ ਨਾਲ ਨਾ ਸਿਰਫ਼ ਆਵਾਜਾਈ ਸੁਗਮ ਹੋਵੇਗੀ, ਸਗੋਂ ਰੋਜ਼ਾਨਾ ਦੀ ਜ਼ਿੰਦਗੀ ਵਿਚ ਵੀ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਇਸੇ ਕੜੀ ਹੇਠ ਹੈੱਡ ਵਰਕਸ ਰੂਪਨਗਰ ਤੋਂ ਝੱਜ ਚੌਂਕ ਤੱਕ ਸੜਕ 'ਤੇ ਪ੍ਰੀ-ਮਿਕਸ ਪਾਉਣ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ | ਇਸ ਸੜਕ ਦੇ ਤਿਆਰ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਉਣ-ਜਾਣ ਵਿਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ ਅਤੇ ਯਾਤਰਾ ਸੁਰੱਖਿਅਤ ਤੇ ਆਰਾਮਦਾਇਕ ਬਣੇਗੀ | ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਉਹ ਵਚਨਬੱਧ ਹਨ ਅਤੇ ਕਿਸੇ ਵੀ ਪਿੰਡ ਨੂੰ ਬੁਨਿਆਦੀ ਸੁਵਿਧਾਵਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੜਕਾਂ ਦਾ ਮਜ਼ਬੂਤ ਜਾਲ ਖੇਤਰ ਦੀ ਤਰੱਕੀ ਦਾ ਅਹਿਮ ਹਿੱਸਾ ਹੁੰਦਾ ਹੈ ਅਤੇ ਇਸ ਨਾਲ ਆਰਥਿਕ ਗਤੀਵਿਧੀਆਂ ਨੂੰ ਵੀ ਬਲ ਮਿਲਦਾ ਹੈ |
ਹਲਕਾ ਰੂਪਨਗਰ ਅੰਦਰ ਸੰਪਰਕ ਅਤੇ ਮੁੱਖ ਸੜਕਾਂ ਨੂੰ ਨਵਿਆਉਣ ਦਾ ਕੰਮ ਜਾਰੀ-ਵਿਧਾਇਕ ਚੱਢਾ <br/>
ਅਜੀਤ ਡੈਸਕ
29-03-2026