ਨੂਰਪੁਰ ਬੇਦੀ, 28 ਮਾਰਚ (ਰਾਜੇਸ਼ ਚੌਧਰੀ ਤਖਤਗੜ੍ਹ)-ਪ੍ਰਸਿੱਧ ਇਤਿਹਾਸਿਕ ਧਾਰਮਿਕ ਅਸਥਾਨ ਦਰਬਾਰ ਬਾਬਾ ਸ਼ਾਹ ਮੀਰ ਕਾਂਗੜ੍ਹ ਵਿਖੇ ਮਹੰਤ ਬਾਬਾ ਰਮੇਸ਼ਵਰ ਪੁਰੀ ਦੀ ਅਗਵਾਈ ਹੇਠ ਕਈ ਦਿਨਾਂ ਤੋਂ ਚੱਲ ਰਿਹਾ ਸ੍ਰੀ ਰਾਮ ਕਥਾ ਮਹਾਂ ਯੱਗ ਸ਼ਰਧਾ ਤੇ ਭਗਤੀ ਭਾਵ ਨਾਲ ਸਮਾਪਤ ਹੋ ਗਿਆ | ਅੰਤਿਮ ਦਿਨ ਸੰਗਤਾਂ ਦੀ ਵੱਡੀ ਹਾਜ਼ਰੀ 'ਚ ਵਿਸ਼ੇਸ਼ ਤੌਰ 'ਤੇ ਹਵਨ ਯੱਗ ਕੀਤਾ, ਜਿੱਥੇ ਭਗਤਾਂ ਨੇ ਅਹੂਤੀਆਂ ਪਾ ਕੇ ਲੋਕ-ਕਲਿਆਣ ਲਈ ਅਰਦਾਸਾਂ ਕੀਤੀਆਂ | ਇਸ ਪਾਵਨ ਮੌਕੇ ਸ੍ਰੀ ਰਾਮ ਦਰਬਾਰ ਦੀ ਮੂਰਤੀ ਦੀ ਸਥਾਪਨਾ ਵੀ ਵਿਧੀ-ਵਿਧਾਨ ਨਾਲ ਕਰਵਾਈ ਗਈ | ਅੰਤਿਮ ਦਿਨ ਦੀ ਕਥਾ ਦੌਰਾਨ ਪ੍ਰਸਿੱਧ ਕਥਾਵਾਚਕ ਵਿਭੀਸ਼ਨ ਸ਼ਾਸਤਰੀ ਨੇ ਪ੍ਰਭੂ ਸ੍ਰੀ ਰਾਮ ਦੇ ਜੀਵਨ ਦੇ ਮੂਲ ਸਿਧਾਂਤਾਂ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਕਿਹਾ ਕਿ ਸ੍ਰੀ ਰਾਮ ਸਿਰਫ਼ ਪੂਜਾ ਦੇ ਪਾਤਰ ਨਹੀਂ, ਸਗੋਂ ਇਕ ਆਦਰਸ਼ ਜੀਵਨ ਜਿਊਣ ਦਾ ਮਾਰਗ ਦਰਸ਼ਨ ਹਨ | ਕਥਾ ਸਮਾਪਤੀ ਉਪਰੰਤ ਸੰਗਤਾਂ ਵਿਚ ਪ੍ਰਸਾਦ ਵੰਡਿਆ ਗਿਆ | ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ |