ਰੂਪਨਗਰ, 3 ਅਪ੍ਰੈਲ (ਸਤਨਾਮ ਸਿੰਘ ਸੱਤੀ)-ਬਹੁਜਨ ਸਮਾਜ ਪਾਰਟੀ ਵਲੋਂ ਲੋਕ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਰੋਪੜ੍ਹ ਵਿਖੇ ਹੋਈ, ਜਿਸ ਵਿਚ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਡਾ. ਨਛੱਤਰ ਪਾਲ ਐਮ.ਐਲ.ਏ. ਨਵਾਂ ਸ਼ਹਿਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਦੌਰਾਨ ਮੌਜੂਦਾ ਸਰਕਾਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣ 'ਤੇ ਤਿੱਖੀ ਆਲੋਚਨਾ ਕੀਤੀ ਗਈ | ਡਾ. ਕਰੀਮਪੁਰੀ ਨੇ ਕਿਹਾ ਕਿ ਸਰਕਾਰ ਬੇਅਦਬੀ ਮਾਮਲਿਆਂ ਵਿਚ ਕਾਰਵਾਈ ਕਰਨ ਦੀ ਥਾਂ ਨਵਾਂ ਕਾਨੂੰਨ ਬਣਾਉਣ ਦੇ ਨਾਂ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ, ਜਦਕਿ ਚਾਰ ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਕਿਸੇ ਵੀ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ | ਉਨ੍ਹਾਂ ਦੱਸਿਆ ਕਿ ਬਸਪਾ ਵਲੋਂ 13 ਅਪ੍ਰੈਲ ਨੂੰ ਖ਼ਾਲਸਾ ਸਾਜਨਾ ਦਿਵਸ ਮੌਕੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੱਦੀ ਪਿੰਡ ਖੁਆਸਪੁਰਾ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਵਿਸ਼ਾਲ ਮਾਰਚ ਕੱਢਿਆ ਜਾਵੇਗਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਕਾਰ ਤੋਂ ਜਵਾਬ ਮੰਗਿਆ ਜਾਵੇਗਾ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਮੌਜੂਦਾ ਸਰਕਾਰ ਦੇ ਦੌਰਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਅਤੇ ਤੋੜਫੋੜ ਦੇ ਮਾਮਲੇ ਵੱਧ ਰਹੇ ਹਨ | ਤਰਨ ਤਾਰਨ ਵਿਚ ਦਲਿਤ ਪਰਿਵਾਰਾਂ ਦੇ ਘਰ ਸਾੜੇ ਜਾਣ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪਵਿੱਤਰ ਧਰਤੀ 'ਤੇ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਵੀ ਉਨ੍ਹਾਂ ਨੇ ਗੰਭੀਰ ਮਾਮਲੇ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਸੂਬੇ ਵਿਚ ਡਰੱਗ, ਸੈਂਡ ਅਤੇ ਲੈਂਡ ਮਾਫ਼ੀਆ ਦੇ ਨਾਲ ਗੈਂਗਸਟਰ ਵਾਦ ਵਧ ਰਿਹਾ ਹੈ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਖ਼ਰਾਬ ਹੋ ਰਹੀ ਹੈ | ਡਾ. ਕਰੀਮਪੁਰੀ, ਡਾ. ਨਛੱਤਰ ਪਾਲ ਅਤੇ ਅਜੀਤ ਸਿੰਘ ਭੈਣੀ ਸਟੇਟ ਇੰਚਾਰਜ ਨੇ ਲੋਕਾਂ ਨੂੰ 13 ਅਪ੍ਰੈਲ ਦੇ ਮਾਰਚ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਠੇਕੇਦਾਰ ਹਰਭਜਨ ਬਜਹੇੜੀ, ਪ੍ਰਵੀਨ ਬੰਗਾ, ਰਜਿੰਦਰ ਸਿੰਘ ਨਨਹੇੜੀਆਂ, ਦਿਲਬਾਗ ਚੰਦ ਬਲਾਚੌਰ, ਸਰਦੂਲ ਸਿੰਘ, ਹਰਕਾਦਾਸ, ਕੁਲਦੀਪ ਘਨੌਲੀ, ਮਨੋਹਰ ਕਮਾਮ, ਵਿਜੇ ਗੁਣਾਚੌਰ, ਨਰਿੰਦਰ ਬਡਵਾਲੀ, ਤਰਲੋਕ ਸਿੰਘ ਫਤਿਹਪੁਰ, ਸੁੱਚਾ ਸਿੰਘ ਸਨੇਟਾ, ਮੱਖਣ ਸਿੰਘ ਸੁਰਤਾਪੁਰ, ਸੁਰਜੀਤ ਲਾਲ, ਹੁਸਨ ਚੰਦ ਅਸਾਲਤਪੁਰ, ਨਛੱਤਰ ਕਾਜਲ, ਦੌਲਤ ਸਿੰਘ, ਐਡਵੋਕੇਟ ਜਰਨੈਲ ਸਿੰਘ, ਵਰਿੰਦਰ ਸਿੰਘ ਅਤੇ ਹਜ਼ਾਰਾ ਸਿੰਘ ਡੰਗੋਲੀ ਆਦਿ ਹਾਜ਼ਰ ਸਨ |