ਭਰਤਗੜ੍ਹ, 3 ਅਪ੍ਰੈਲ (ਜਸਬੀਰ ਸਿੰਘ ਬਾਵਾ)-ਹਿਮਾਚਲ ਸਰਕਾਰ ਵਲੋਂ ਬੀਤੇ ਦਿਨੀਂ ਰਾਜ ਅੰਦਰ ਵਾਹਨ ਦਾਖਲੇ ਦੇ ਟੈਕਸ ਵਧਾਉਣ ਨੂੰ ਲੈ ਕੇ ਪੰਜਾਬ ਮੋਰਚਾ, ਕਿਰਤੀ ਕਿਸਾਨ ਯੂਨੀਅਨ, ਜਨ ਅਧਿਕਾਰ ਕਲਿਆਣ ਮੰਚ, ਅਜ਼ਾਦ ਟੈਕਸੀ ਯੂਨੀਅਨ ਦੇ ਨੁਮਾਇੰਦਿਆਂ ਨੇ ਭਰਤਗੜ੍ਹ 'ਚ ਸਥਾਨਕ ਮੁਹਤਬਰਾਂ, ਟੈਕਸੀ ਚਾਲਕਾਂ, ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਕਨਵੀਨਰ ਗੌਰਵ ਰਾਣਾ, ਪ੍ਰਧਾਨ ਹਰਪ੍ਰੀਤ ਸਿੰਘ ਭੱਟੋਂ, ਕਸ਼ਮੀਰ ਸਿੰਘ ਨੰਗਲੀ ਆਦਿ ਨੇ ਕਿਹਾ ਕਿ 4 ਅਪ੍ਰੈਲ ਨੂੰ ਕੀਰਤਪੁਰ ਸਾਹਿਬ 'ਚ ਕੌਮੀ ਮਾਰਗ 'ਤੇ ਸਵੇਰੇ 9 ਵਜੇ ਹਿਮਾਚਲ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਦੇ ਨਾਲ-ਨਾਲ ਵਾਹਨ ਆਵਾਜਾਈ ਪ੍ਰਭਾਵਿਤ ਕੀਤੀ ਜਾ ਰਹੀ ਹੈ, ਇਸ ਦੌਰਾਨ ਲੋਕਾਂ ਦੇ ਭਰਵੀਂ ਸ਼ਮੂਲੀਅਤ ਰਹੇਗੀ | ਇਨ੍ਹਾਂ ਕਿਹਾ ਕਿ 1 ਅਪ੍ਰੈਲ ਨੂੰ ਹਿਮਾਚਲ ਤੋਂ ਆਉਂਦੇ 33 ਮਾਰਗਾਂ 'ਤੇ ਜਥੇਬੰਦੀਆਂ ਵਲੋਂ ਲਗਾਏ ਜਾਮ ਦੌਰਾਨ ਹਿਮਾਚਲ ਸਰਕਾਰ ਨੇ ਟੈਕਸ ਘਟਾਉਣ ਜਾਂ ਹਟਾਉਣ ਲਈ ਵਾਅਦੇ ਕੀਤੇ ਸਨ, ਪਰ ਟੈਕਸ ਵਸੂਲੀ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ | ਇਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਸਬਕ ਸਿਖਾਉਣ ਲਈ ਪੰਜਾਬ 'ਚ ਦਾਖਲ ਹੋਣ ਵਾਲੇ ਹਿਮਾਚਲ ਪ੍ਰਦੇਸ਼ ਦੇ ਵਾਹਨਾਂ 'ਤੇ ਵੀ ਰਾਜ ਦਾਖਲੇ ਸੰਬੰਧੀ ਟੋਲ ਪਲਾਜ਼ਾ ਲਗਾਉਣ ਤਾਂ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਆਮਦਨ 'ਚ ਵਾਧਾ ਹੋ ਸਕੇ | ਇਸ ਦੌਰਾਨ ਮੈਂਬਰ ਸੰਮਤੀ ਗੁਰਨਾਮ ਸਿੰਘ ਸੈਣੀ, ਪਰਮਜੀਤ ਸਿੰਘ ਬੱਬੀ ਨੇ ਵੀ ਵਿਚਾਰ ਪ੍ਰਗਟਾਏ | ਇਸ ਮੌਕੇ ਸੁਖਜਿੰਦਰ ਸਿੰਘ ਭਾਓਵਾਲ, ਜਸਬੀਰ ਸਿੰਘ ਸਿੱਧੂ, ਸੁਦਾਗਰ ਸਿੰਘ ਭਰਤਗੜ੍ਹ, ਹਰਬੰਸ ਸਿੰਘ ਬੜਾ ਪਿੰਡ ਆਦਿ ਮੌਜੂਦ ਸਨ |