ਲਾਲੜੂ, 4 ਅਪ੍ਰੈਲ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੱਦੇ 'ਤੇ ਮੁਹਾਲੀ ਦੇ ਜ਼ਿਲ੍ਹਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਕਿਸਾਨਾਂ ਨੇ ਲਾਲੜੂ ਮੰਡੀ ਦੇ ਆਈ. ਟੀ. ਆਈ. ਚੌਕ ਵਿਖੇ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਤੇ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਜਸਵਿੰਦਰ ਸਿੰਘ ਟਿਵਾਣਾ, ਪ੍ਰੇਮ ਸਿੰਘ ਰਾਣਾ, ਗੁਰਚਰਨ ਸਿੰਘ ਜੌਲਾ ਅਤੇ ਪਰਮਜੀਤ ਸਿੰਘ ਬਸੋਲੀ ਨੇ ਕਿਹਾ ਕਿ ਲੈਂਡ ਮਾਰਟਗੇਜ਼ ਬੈਂਕ ਸਮੇਤ ਸਾਰੇ ਬੈਂਕ ਟੈਕਸ ਵਸੂਲਦੇ ਸਮੇਂ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਜ਼ਮੀਨੀ ਰਿਕਾਰਡ ਗਿਰਵੀ ਰੱਖ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਬੈਂਕ ਕਿਸਾਨਾਂ ਨੂੰ ਬਲੈਕਮੇਲ ਕਰਨ ਲਈ ਖਾਲੀ ਚੈੱਕ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਆਪਣੀ ਖੇਤੀ ਅਤੇ ਚੋਰੀ ਹੋਏ ਸਾਮਾਨ ਬਾਰੇ ਪੁੱਛਗਿੱਛ ਕਰਨ ਲਈ ਸੰਭੂ ਖਨੌਰੀ ਮੋਰਚੇ 'ਚ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਮੋਗਾ 'ਚ ਗਿ੍ਫਤਾਰ ਕਰ ਲਿਆ ਸੀ | ਇਹ ਕਿਸਾਨਾਂ ਨਾਲ ਬੇਇਨਸਾਫੀ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਮੌਕੇ ਮਨਜੀਤ ਸਿੰਘ ਦੱਪਰ, ਕੁਲਦੀਪ ਰਾਣਾ ਲਾਲੜੂ, ਰਾਮ ਸਿੰਘ ਨੰਬਰਦਾਰ , ਜਸਵੰਤ ਸਿੰਘ ਆਲਮਗੀਰ, ਕੁਲਵਿੰਦਰ ਸਿੰਘ ਆਗਾਂਪੁਰ ਆਦਿ ਵੀ ਹਾਜ਼ਰ ਸਨ |